HomePunjabਅਮਰਕੋਟ ‘ਚ ਦਿਨ-ਦਿਹਾੜੇ ਫਾਇਰਿੰਗ, ਨੌਜਵਾਨ ਗੰਭੀਰ ਜ਼ਖ਼ਮੀ

ਅਮਰਕੋਟ ‘ਚ ਦਿਨ-ਦਿਹਾੜੇ ਫਾਇਰਿੰਗ, ਨੌਜਵਾਨ ਗੰਭੀਰ ਜ਼ਖ਼ਮੀ

ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਕਸਬਾ ਅਮਰਕੋਟ ਵਿੱਚ ਅੱਜ ਦਿਨ-ਦਿਹਾੜੇ ਗੋਲੀਆਂ ਚੱਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਅਣਪਛਾਤੇ ਹਮਲਾਵਰਾਂ ਨੇ ‘ਜੱਜ ਮੈਡੀਕਲ ਸਟੋਰ’ ਨੂੰ ਨਿਸ਼ਾਨਾ ਬਣਾਉਂਦਿਆਂ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਵਿੱਚ ਡਾ. ਜੱਜਪਾਲ ਦੇ ਬੇਟੇ ਸੁਨੀਲ ਨੂੰ ਗੋਲੀਆਂ ਲੱਗੀਆਂ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਪ੍ਰਤੱਖ ਦਰਸ਼ੀਆਂ ਦੇ ਮੁਤਾਬਕ ਹਮਲਾਵਰਾਂ ਨੇ ਲਗਭਗ ਚਾਰ ਗੋਲੀਆਂ ਚਲਾਈਆਂ। ਗੋਲੀ ਲੱਗਣ ਤੋਂ ਬਾਅਦ ਸੁਨੀਲ ਨੂੰ ਤੁਰੰਤ ਭਿਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ ਅਤੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ, ਇਸ ਪਰਿਵਾਰ ਨੂੰ ਪਿਛਲੇ ਕਈ ਮਹੀਨਿਆਂ ਤੋਂ ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਸਨ। ਡਾ. ਜੱਜਪਾਲ ਦੇ ਭਤੀਜੇ ਡਾ. ਅਜੇ ਨੂੰ ਵੀ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਅੱਜ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ।

ਇਸ ਪਰਿਵਾਰ ਦਾ ਪਿਛੋਕੜ ਵੀ ਕਾਫ਼ੀ ਦਰਦਨਾਕ ਰਿਹਾ ਹੈ। 1984 ਦੇ ਦੌਰਾਨ ਅਮਰਕੋਟ ਵਿੱਚ ਹੋਏ ਹਮਲੇ ਵਿੱਚ ਡਾ. ਜੱਜਪਾਲ ਦੇ ਚਾਚਾ ਮਨੋਹਰ ਲਾਲ ਦੀ ਹੱਤਿਆ ਹੋ ਗਈ ਸੀ। ਹੁਣ ਕਈ ਸਾਲਾਂ ਬਾਅਦ ਇੱਕ ਵਾਰ ਫਿਰ ਹੋਈ ਇਸ ਘਟਨਾ ਨੇ ਪਰਿਵਾਰ ਲਈ ਪੁਰਾਣੇ ਜ਼ਖ਼ਮ ਤਾਜ਼ਾ ਕਰ ਦਿੱਤੇ ਹਨ।

ਘਟਨਾ ਤੋਂ ਬਾਅਦ ਅਮਰਕੋਟ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਹਿਮ ਦਾ ਮਾਹੌਲ ਹੈ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਪਹਿਲਾਂ ਹੀ ਧਮਕੀਆਂ ਦੀ ਜਾਣਕਾਰੀ ਸੀ ਤਾਂ ਸੁਰੱਖਿਆ ਪ੍ਰਬੰਧ ਕਿਉਂ ਨਹੀਂ ਕੀਤੇ ਗਏ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਤਲਾਸ਼ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI