ਚੰਡੀਗੜ੍ਹ: ਹਰਿਆਣਾ ਵਿੱਚ ਠੰਢ ਨੇ ਆਪਣਾ ਕਹਿਰ ਜਾਰੀ ਰੱਖਿਆ ਹੋਇਆ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਸੀਤ ਲਹਿਰ ਦੇ ਚੱਲਦੇ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਮਹਿਸੂਸ ਕੀਤੀ ਜਾਵੇਗੀ, ਜਦਕਿ ਘੱਟੋ-ਘੱਟ ਤਾਪਮਾਨ ਵਿੱਚ ਹੋਰ ਗਿਰਾਵਟ ਆ ਸਕਦੀ ਹੈ।
ਮੌਸਮ ਵਿਭਾਗ ਵੱਲੋਂ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ ਅਤੇ ਪੰਚਕੂਲਾ ਲਈ ਸੰਘਣੀ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਣੀਪਤ, ਸੋਨੀਪਤ, ਰੋਹਤਕ, ਝੱਜਰ, ਗੁਰੂਗ੍ਰਾਮ, ਫਰੀਦਾਬਾਦ, ਰੇਵਾੜੀ, ਮਹਿੰਦਰਗੜ੍ਹ, ਮੇਵਾਤ (ਨੂੰਹ), ਪਲਵਲ ਅਤੇ ਚਰਖੀ ਦਾਦਰੀ ਵਿੱਚ ਹਲਕੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ।
ਸੀਤ ਲਹਿਰ ਕਾਰਨ ਦਿਨ ਦੇ ਤਾਪਮਾਨ ਵਿੱਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਰਾਜ ਵਿੱਚ ਰਾਤਾਂ ਕਾਫ਼ੀ ਠੰਢੀਆਂ ਹੋ ਗਈਆਂ ਹਨ। 24 ਜਨਵਰੀ ਨੂੰ ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਕਰਨਾਲ ਵਿੱਚ 4 ਡਿਗਰੀ, ਰੋਹਤਕ ਵਿੱਚ 6 ਡਿਗਰੀ ਅਤੇ ਭਿਵਾਨੀ ਵਿੱਚ ਕਰੀਬ 3 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
ਮੌਸਮ ਵਿਭਾਗ ਨੇ ਦੱਸਿਆ ਹੈ ਕਿ 27 ਜਨਵਰੀ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਵੇਗੀ, ਜਿਸ ਕਾਰਨ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਧੁੰਦ ਅਤੇ ਠੰਢ ਦੇ ਮੱਦੇਨਜ਼ਰ ਸਾਵਧਾਨੀ ਵਰਤਣ।







