Friday, August 14, 2026
Home Punjab Ludhiana ਲੁਧਿਆਣਾ ਵਿੱਚ 65 ਕਰੋੜ ਦੀ ਲਾਗਤ ਨਾਲ ਬਣੇਗਾ CBG ਪਲਾਂਟ, CM ਮਾਨ...

ਲੁਧਿਆਣਾ ਵਿੱਚ 65 ਕਰੋੜ ਦੀ ਲਾਗਤ ਨਾਲ ਬਣੇਗਾ CBG ਪਲਾਂਟ, CM ਮਾਨ ਰੱਖਣਗੇ ਨੀਂਹ ਪੱਥਰ

0
5

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਦੇ ਦੌਰੇ ’ਤੇ ਹਨ। ਇਸ ਦੌਰਾਨ ਉਹ ਸ਼ਹਿਰ ਦੇ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਆਧੁਨਿਕ ਕੰਪ੍ਰੈਸਡ ਬਾਇਓ-ਗੈਸ (CBG) ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਇਸ ਪਲਾਂਟ ਨੂੰ ਲਗਭਗ 65 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਇਸ ਪ੍ਰਾਜੈਕਟ ਦਾ ਸਿੱਧਾ ਲਾਭ ਇਲਾਕੇ ਦੇ ਕਰੀਬ 435 ਡੇਅਰੀ ਮਾਲਕਾਂ ਨੂੰ ਮਿਲੇਗਾ। ਪਲਾਂਟ ਵਿੱਚ ਰੋਜ਼ਾਨਾ ਲਗਭਗ 300 ਟਨ ਪਸ਼ੂਆਂ ਦੇ ਗੋਬਰ ਦਾ ਵਿਗਿਆਨਕ ਅਤੇ ਵਾਤਾਵਰਣ-ਪੱਖੀ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ। ਇਸ ਨਾਲ ਡੇਅਰੀਆਂ ਦੇ ਰਹਿੰਦ-ਖੂੰਹਦ ਕਾਰਨ ਪੈਦਾ ਹੋਣ ਵਾਲੀ ਗੰਦਗੀ ਅਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

ਪਲਾਂਟ ਦੇ ਪੂਰੀ ਤਰ੍ਹਾਂ ਚਾਲੂ ਹੋਣ ਤੋਂ ਬਾਅਦ ਰੋਜ਼ਾਨਾ ਕਰੀਬ 5 ਟਨ ਕੰਪ੍ਰੈਸਡ ਬਾਇਓ-ਗੈਸ (CBG) ਦਾ ਉਤਪਾਦਨ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਪਸ਼ੂਆਂ ਦੇ ਗੋਬਰ ਦੀ ਸੁਚੱਜੀ ਵਰਤੋਂ ਹੋਵੇਗੀ ਅਤੇ ਇਸ ਨੂੰ ਊਰਜਾ ਦੇ ਇੱਕ ਉਪਯੋਗੀ ਸਰੋਤ ਵਿੱਚ ਤਬਦੀਲ ਕੀਤਾ ਜਾ ਸਕੇਗਾ।

ਇਸ ਪ੍ਰਾਜੈਕਟ ਨਾਲ ਲੁਧਿਆਣਾ ਸ਼ਹਿਰ ਦੇ ਬੁੱਢੇ ਨਾਲੇ ਅਤੇ ਇਸ ਦੇ ਆਲੇ-ਦੁਆਲੇ ਡੇਅਰੀਆਂ ਦੇ ਫੋਕਟ ਪਦਾਰਥਾਂ ਕਾਰਨ ਹੋ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਿੱਚ ਵੀ ਮਦਦ ਮਿਲੇਗੀ। ਸਰਕਾਰ ਵੱਲੋਂ ਇਸ ਪਲਾਂਟ ਨੂੰ ਵਾਤਾਵਰਣ ਦੀ ਸੁਰੱਖਿਆ ਅਤੇ ਡੇਅਰੀ ਰਹਿੰਦ-ਖੂੰਹਦ ਦੇ ਵਿਗਿਆਨਕ ਪ੍ਰਬੰਧਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

 

LEAVE A REPLY

Please enter your comment!
Please enter your name here