ਅੰਮ੍ਰਿਤਸਰ: ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਜਨਤਕ ਛੁੱਟੀ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ, ਬੀਤੇ ਦਿਨ ਇਹ ਮੰਗ ਸੇਵਕ ਜੱਥਾ ਜੋੜਾਘਰ ਗੁਰੂ ਸ਼ਹੀਦਗੰਜ ਸਾਹਿਬ ਦੇ ਮੁੱਖ ਸੇਵਾਦਾਰ ਨਵਤੇਜ ਸਿੰਘ ਕਲਕੱਤਾ ਨੇ ਇੱਕ ਗੱਲਬਾਤ ਦੌਰਾਨ ਕੀਤੀ।
ਉਨ੍ਹਾਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਿਰਫ਼ ਸਿੱਖ ਭਾਈਚਾਰੇ ਹੀ ਨਹੀਂ, ਸਗੋਂ ਹੋਰ ਧਰਮਾਂ ਦੇ ਲੋਕਾਂ ਵੱਲੋਂ ਵੀ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਨਤਕ ਛੁੱਟੀ ਦੀ ਮੰਗ ਕਈ ਸਾਲਾਂ ਤੋਂ ਚੱਲ ਰਹੀ ਹੈ, ਪਰ ਅਜੇ ਤੱਕ ਕਿਸੇ ਵੀ ਸਰਕਾਰ ਨੇ ਇਸ ਵੱਲ ਕੋਈ ਗੰਭੀਰ ਧਿਆਨ ਨਹੀਂ ਦਿੱਤਾ।
ਨਵਤੇਜ ਸਿੰਘ ਕਲਕੱਤਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹਰ ਸਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਜਨਤਕ ਛੁੱਟੀ ਦਾ ਐਲਾਨ ਕੀਤਾ ਜਾਵੇ, ਤਾਂ ਜੋ ਮਿਹਨਤਕਸ਼ ਲੋਕ ਵੀ ਇਸ ਪਾਵਨ ਦਿਨ ਨੂੰ ਭਾਈਚਾਰੇ ਦੇ ਨਾਲ ਮਿਲ ਕੇ ਸ਼ਰਧਾ ਨਾਲ ਮਨਾ ਸਕਣ।







