HomeNationalਅਮਰਨਾਥ ਯਾਤਰਾ 2026 ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਨੇ ਸ਼ਰਧਾਲੂਆਂ ਨੂੰ ਦਿੱਤੇ 5...

ਅਮਰਨਾਥ ਯਾਤਰਾ 2026 ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਨੇ ਸ਼ਰਧਾਲੂਆਂ ਨੂੰ ਦਿੱਤੇ 5 ਸੰਕਲਪਾਂ ਦਾ ਸੰਦੇਸ਼

ਜੰਮੂ-ਕਸ਼ਮੀਰ: ਪਵਿੱਤਰ ਅਮਰਨਾਥ ਯਾਤਰਾ ਅੱਜ (3 ਜੁਲਾਈ) ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁਰੂ ਹੋ ਗਈ ਹੈ। ਪਹਿਲਾ ਜੱਥਾ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ, ਜਿਸ ਨੂੰ ਲੈ ਕੇ ਸ਼ਿਵ ਭਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਲੂਆਂ ਨੂੰ ਵਧਾਈ ਦਿੰਦਿਆਂ ਇੱਕ ਸੰਦੇਸ਼ ਜਾਰੀ ਕੀਤਾ ਅਤੇ ਯਾਤਰਾ ‘ਤੇ ਜਾਣ ਵਾਲੇ ਹਰ ਸ਼ਰਧਾਲੂ ਨੂੰ ਪੰਜ ਮਹੱਤਵਪੂਰਨ ਸੰਕਲਪ ਅਪਣਾਉਣ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਪਵਿੱਤਰ ਅਮਰਨਾਥ ਯਾਤਰਾ ਵਿੱਚ ਸ਼ਾਮਲ ਹੋਣਾ ਹਰ ਸ਼ਿਵ ਭਗਤ ਲਈ ਇੱਕ ਵਿਸ਼ੇਸ਼ ਆਧਿਆਤਮਿਕ ਅਨੁਭਵ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦੇਸ਼ ਅਤੇ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਪਹੁੰਚਦੇ ਹਨ ਅਤੇ ਇਹ ਯਾਤਰਾ ਭਾਰਤ ਦੀ ਅਧਿਆਤਮਿਕ ਪਰੰਪਰਾ, ਸੱਭਿਆਚਾਰਕ ਏਕਤਾ ਅਤੇ ਅਟੁੱਟ ਆਸਥਾ ਦੀ ਪ੍ਰਤੀਕ ਹੈ।

ਮੋਦੀ ਨੇ ਯਾਤਰਾ ਦੇ ਸਫ਼ਲ ਪ੍ਰਬੰਧਾਂ ਲਈ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ, ਜੰਮੂ-ਕਸ਼ਮੀਰ ਸਰਕਾਰ, ਸੈਨਾ, ਸੀ.ਆਰ.ਪੀ.ਐੱਫ., ਜੰਮੂ-ਕਸ਼ਮੀਰ ਪੁਲਿਸ, ਆਈ.ਟੀ.ਬੀ.ਪੀ., ਬੀ.ਐੱਸ.ਐੱਫ., ਐੱਨ.ਡੀ.ਆਰ.ਐੱਫ., ਡਾਕਟਰਾਂ, ਸਿਹਤ ਕਰਮਚਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਫ਼ਾਈ ਕਰਮਚਾਰੀਆਂ ਅਤੇ ਸੇਵਾ ਵਿੱਚ ਲੱਗੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਸੇਵਾ ਅਤੇ ਸਮਰਪਣ ਕਾਰਨ ਹੀ ਯਾਤਰਾ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਸੰਭਵ ਹੋ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਸ਼ਰਧਾਲੂਆਂ ਨੂੰ ਪੰਜ ਸੰਕਲਪ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਯਾਤਰਾ ਦੌਰਾਨ ਸਵੱਛਤਾ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਰਸਤੇ ਨੂੰ ਸਾਫ਼-ਸੁਥਰਾ ਰੱਖਣ ਵਿੱਚ ਯੋਗਦਾਨ ਦਿੱਤਾ ਜਾਵੇ। ਪ੍ਰਸ਼ਾਸਨ, ਟ੍ਰੈਫਿਕ ਅਤੇ ਸੁਰੱਖਿਆ ਬਲਾਂ ਵੱਲੋਂ ਜਾਰੀ ਹਰ ਹਦਾਇਤ ਦੀ ਪਾਲਣਾ ਕੀਤੀ ਜਾਵੇ ਅਤੇ ਮੀਂਹ, ਤਿਲਕਣ ਅਤੇ ਠੰਢ ਤੋਂ ਸਾਵਧਾਨ ਰਹਿੰਦੇ ਹੋਏ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ।

ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਯਾਤਰਾ ਦੇ ਖਰਚ ਦਾ ਘੱਟੋ-ਘੱਟ 10 ਫੀਸਦੀ ਹਿੱਸਾ ਸਥਾਨਕ ਉਤਪਾਦ ਖਰੀਦਣ ‘ਤੇ ਖਰਚ ਕੀਤਾ ਜਾਵੇ, ਤਾਂ ਜੋ ਜੰਮੂ-ਕਸ਼ਮੀਰ ਦੇ ਸਥਾਨਕ ਲੋਕਾਂ ਅਤੇ ਨੌਜਵਾਨਾਂ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇ। ਇਸ ਦੇ ਨਾਲ ਰੱਖੜੀ ਦੇ ਮੌਕੇ ਆਪਣੇ ਭਰਾ ਜਾਂ ਭੈਣ ਨੂੰ ਇੱਕ ਪੌਦਾ ਤੋਹਫ਼ੇ ਵਜੋਂ ਦੇਣ ਅਤੇ ‘ਏਕ ਟ੍ਰੀ ਮਾਂ ਕੇ ਨਾਮ’ ਮੁਹਿੰਮ ਨਾਲ ਜੁੜਨ ਦੀ ਵੀ ਅਪੀਲ ਕੀਤੀ।

ਆਖ਼ਰੀ ਸੰਕਲਪ ਵਿੱਚ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਪਹਿਲ ਦੇਣ, ਆਪਣੇ ਕਰਤੱਵਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਅਮਰਨਾਥ ਯਾਤਰਾ ਸਨਾਤਨ ਧਰਮ ਦੀ ਆਸਥਾ, ਭਾਰਤ ਦੀ ਸੱਭਿਆਚਾਰਕ ਏਕਤਾ ਅਤੇ ਸੇਵਾ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕਰੇਗੀ। ਨਾਲ ਹੀ ਉਨ੍ਹਾਂ ਬਾਬਾ ਬਰਫਾਨੀ ਅੱਗੇ ਸਾਰਿਆਂ ਦੀ ਸੁਰੱਖਿਅਤ, ਮੰਗਲਮਈ ਅਤੇ ਆਧਿਆਤਮਿਕ ਊਰਜਾ ਨਾਲ ਭਰਪੂਰ ਯਾਤਰਾ ਲਈ ਅਰਦਾਸ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments