ਨਵੀਂ ਦਿੱਲੀ: ਬੈਂਕਿੰਗ ਸੇਵਾਵਾਂ ਨਾਲ ਜੁੜੇ ਗਾਹਕਾਂ ਲਈ ਅਹਿਮ ਖ਼ਬਰ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਨੇ 28 ਤੋਂ 30 ਸਤੰਬਰ 2026 ਤੱਕ ਤਿੰਨ ਦਿਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਕਾਰਨ ਖ਼ਾਸ ਤੌਰ ’ਤੇ ਸਰਕਾਰੀ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਬ੍ਰਾਂਚ ਪੱਧਰ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਹੜਤਾਲ ਤੋਂ ਪਹਿਲਾਂ ਗਾਹਕਾਂ ਦੀ ਸਹੂਲਤ ਲਈ ਐਤਵਾਰ, 27 ਸਤੰਬਰ ਨੂੰ ਸਾਰੇ ਸਰਕਾਰੀ ਖੇਤਰ ਦੇ ਬੈਂਕਾਂ (PSBs) ਅਤੇ ਖੇਤਰੀ ਗ੍ਰਾਮੀਣ ਬੈਂਕਾਂ (RRBs) ਨੂੰ ਆਮ ਤੌਰ ’ਤੇ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਵਿੱਤ ਮੰਤਰਾਲੇ ਮੁਤਾਬਕ ਆਰਬੀਆਈ ਨੇ ਬੈਂਕ ਸ਼ਾਖਾਵਾਂ, ਦਫ਼ਤਰਾਂ, ਏਟੀਐਮ-ਲਿੰਕਡ ਸ਼ਾਖਾਵਾਂ ਅਤੇ ਕਰੰਸੀ ਚੈਸਟਾਂ ਨੂੰ ਵੀ 27 ਸਤੰਬਰ ਨੂੰ ਚਾਲੂ ਰੱਖਣ ਦੀ ਮਨਜ਼ੂਰੀ ਦਿੱਤੀ ਹੈ।
ਕਿਹੜੀਆਂ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ?
ਹੜਤਾਲ ਦੌਰਾਨ ਬ੍ਰਾਂਚਾਂ ਵਿੱਚ ਸਟਾਫ਼ ਦੀ ਉਪਲਬਧਤਾ ਪ੍ਰਭਾਵਿਤ ਹੋਣ ਕਾਰਨ ਨਕਦੀ ਲੈਣ-ਦੇਣ, ਚੈੱਕ ਨਾਲ ਸਬੰਧਤ ਕੰਮ, ਕਲੀਅਰਿੰਗ ਅਤੇ ਹੋਰ ਕਾਊਂਟਰ ਸੇਵਾਵਾਂ ਵਿੱਚ ਰੁਕਾਵਟ ਆ ਸਕਦੀ ਹੈ। 30 ਸਤੰਬਰ ਨੂੰ ਵਿੱਤੀ ਸਾਲ ਦੀ ਛਿਮਾਹੀ ਸਮਾਪਤੀ ਹੋਣ ਕਾਰਨ ਚੈੱਕ ਕਲੀਅਰਿੰਗ ਅਤੇ ਸੈਟਲਮੈਂਟ ਵਰਗੀਆਂ ਸੇਵਾਵਾਂ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਦੱਸੀ ਗਈ ਹੈ।
ਇਸ ਦੌਰਾਨ ਗਾਹਕ ਜ਼ਰੂਰੀ ਲੈਣ-ਦੇਣ ਲਈ ATM, UPI, ਮੋਬਾਈਲ ਬੈਂਕਿੰਗ ਅਤੇ ਇੰਟਰਨੈੱਟ ਬੈਂਕਿੰਗ ਵਰਗੀਆਂ ਡਿਜੀਟਲ ਸਹੂਲਤਾਂ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ ਡਿਜੀਟਲ ਸੇਵਾਵਾਂ ਆਮ ਤੌਰ ’ਤੇ ਉਪਲਬਧ ਰਹਿਣ ਦੀ ਉਮੀਦ ਹੈ, ਪਰ ਕਿਸੇ ਖ਼ਾਸ ਸੇਵਾ ਦੀ ਉਪਲਬਧਤਾ ਆਪਣੇ ਬੈਂਕ ਤੋਂ ਚੈੱਕ ਕਰਨਾ ਉਚਿਤ ਰਹੇਗਾ।
ਹੜਤਾਲ ਪਿੱਛੇ ਕੀ ਹਨ ਮੰਗਾਂ?
UFBU ਦੀਆਂ ਮੁੱਖ ਮੰਗਾਂ ਵਿੱਚ ਪੰਜ ਦਿਨਾਂ ਦਾ ਬੈਂਕਿੰਗ ਵਰਕਿੰਗ ਵੀਕ ਲਾਗੂ ਕਰਨਾ ਸ਼ਾਮਲ ਹੈ। ਯੂਨੀਅਨਾਂ ਵੱਲੋਂ ਪੈਨਸ਼ਨ ਅਤੇ ਮਹਿੰਗਾਈ ਭੱਤੇ ਨਾਲ ਸਬੰਧਤ ਮੁੱਦਿਆਂ ਸਮੇਤ ਹੋਰ ਕਰਮਚਾਰੀ ਮੰਗਾਂ ਵੀ ਉਠਾਈਆਂ ਗਈਆਂ ਹਨ। ਕੁਝ ਰਿਪੋਰਟਾਂ ਵਿੱਚ NPS ਤੋਂ OPS ਵਿੱਚ ਤਬਦੀਲੀ ਦੀ ਮੰਗ ਦਾ ਵੀ ਜ਼ਿਕਰ ਹੈ।
ਗਾਹਕ ਕੀ ਕਰਨ?
ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਕੋਈ ਜ਼ਰੂਰੀ ਬ੍ਰਾਂਚ-ਸਬੰਧੀ ਕੰਮ ਹੈ ਤਾਂ 27 ਸਤੰਬਰ ਨੂੰ ਮਿਲਣ ਵਾਲੀ ਵਾਧੂ ਬੈਂਕਿੰਗ ਸਹੂਲਤ ਦਾ ਲਾਭ ਲੈ ਕੇ ਕੰਮ ਪਹਿਲਾਂ ਹੀ ਨਿਪਟਾ ਲੈਣ। SBI ਸਮੇਤ ਕਈ ਸਰਕਾਰੀ ਬੈਂਕਾਂ ਨੇ ਵੀ ਗਾਹਕਾਂ ਨੂੰ ਹੜਤਾਲ ਤੋਂ ਪਹਿਲਾਂ ਜ਼ਰੂਰੀ ਲੈਣ-ਦੇਣ ਪੂਰੇ ਕਰਨ ਦੀ ਸਲਾਹ ਦਿੱਤੀ ਹੈ।






