23.03.2026
ਨਿਊਯਾਰਕ ਦੇ ਲਾ ਗਾਰਡੀਆ ਹਵਾਈ ਅੱਡੇ ’ਤੇ ਏਅਰ ਕੈਨੇਡਾ ਐਕਸਪ੍ਰੈਸ ਦਾ ਇੱਕ ਜਹਾਜ਼ CRJ-900 ਮਾਡਲ, ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਰਨਵੇਅ ’ਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ (Fire Truck) ਨਾਲ ਟਕਰਾ ਗਿਆ। ਅਮਰੀਕੀ ਮੀਡੀਆ ਅਤੇ ਅਧਿਕਾਰੀਆਂ ਮੁਤਾਬਕ ਇਸ ਟੱਕਰ ਵਿੱਚ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਦੀ ਮੌਤ ਹੋ ਗਈ ਹੈ। ਐਨ.ਬੀ.ਸੀ. ਨਿਊਜ਼ ਦੀ ਰਿਪੋਰਟ ਅਨੁਸਾਰ ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦਰਜਨਾਂ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ ਜਿਸ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਟੱਕਰ ਹੋਈ, ਉਸ ਵਿੱਚ ਪੁਲੀਸ ਮੁਲਾਜ਼ਮ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇੱਕ ਪੁਲੀਸ ਸਾਰਜੈਂਟ ਅਤੇ ਇੱਕ ਅਧਿਕਾਰੀ ਦੀਆਂ ਹੱਡੀਆਂ ਟੁੱਟ ਗਈਆਂ ਹਨ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਹਾਲਾਂਕਿ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮੁੱਢਲੀ ਪੈਸੰਜਰ ਲਿਸਟ ਦੇ ਅਧਾਰ ‘ਤੇ, ਜਿਸ ਦੀ ਅਜੇ ਪੁਸ਼ਟੀ ਹੋਣੀ ਬਾਕੀ ਹੈ, ਮਾਂਟਰੀਅਲ ਤੋਂ ਆ ਰਹੇ ਇਸਏਅਰ ਕੈਨੇਡਾ ਐਕਸਪ੍ਰੈਸ CRJ-900 ਜਹਾਜ਼ ਵਿੱਚ 72 ਯਾਤਰੀ ਅਤੇ ਚਾਰ ਕਰੂ ਮੈਂਬਰ ਸਵਾਰ ਸਨ। ਇਸ ਜਹਾਜ਼ ਦਾ ਸੰਚਾਲਨ ਏਅਰ ਕੈਨੇਡਾ ਦੀ ਭਾਈਵਾਲ ਕੰਪਨੀ ਜੈਜ਼ ਐਵੀਏਸ਼ਨ ਵੱਲੋਂ ਕੀਤਾ ਜਾ ਰਿਹਾ ਸੀ। ਦੱਸਣਯੋਗ ਹੈ ਕਿ ‘ਜੈਜ਼’ ਕੰਪਨੀ ਦਾ ਮਾਲਕਾਨਾ ਹੱਕ ਕੋਰਸ ਐਵੀਏਸ਼ਨ ਕੋਲ ਹੈ।






