ਤਪਾ ਮੰਡੀ/ਮਾਂਟਰੀਅਲ: ਕੈਨੇਡਾ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ (ਘੁੰਨਸ ਰੋਡ) ਦੇ ਰਹਿਣ ਵਾਲੇ 26 ਸਾਲਾ ਲਵਪ੍ਰੀਤ ਸਿੰਘ ਦੀ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਮੌਤ ਹੋ ਗਈ। ਇਹ ਹਾਦਸਾ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਦੀ ਲਾਚੀਨ ਨਹਿਰ ਵਿੱਚ ਵਾਪਰਿਆ, ਜਿੱਥੇ ਦੋਸਤ ਦਾ ਪੈਰ ਫਿਸਲਣ ਤੋਂ ਬਾਅਦ ਉਹ ਪਾਣੀ ਵਿੱਚ ਡਿੱਗ ਗਿਆ। ਦੋਸਤ ਨੂੰ ਬਚਾਉਣ ਲਈ ਲਵਪ੍ਰੀਤ ਨੇ ਬਿਨਾਂ ਦੇਰ ਕੀਤੇ ਨਹਿਰ ਵਿੱਚ ਛਾਲ ਮਾਰ ਦਿੱਤੀ, ਪਰ ਤੇਜ਼ ਵਹਾਅ ਕਾਰਨ ਦੋਵੇਂ ਨੌਜਵਾਨ ਡੁੱਬ ਗਏ। ਕਈ ਘੰਟਿਆਂ ਦੀ ਭਾਲ ਤੋਂ ਬਾਅਦ ਦੋਵਾਂ ਨੂੰ ਬਾਹਰ ਕੱਢਿਆ ਗਿਆ, ਪਰ ਹਸਪਤਾਲ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਲਵਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਕਰੀਬ ਢਾਈ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ। ਉਹ ਮਾਂਟਰੀਅਲ ਵਿੱਚ ਇੱਕ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਲਈ ਲਗਭਗ 29 ਲੱਖ ਰੁਪਏ ਦਾ ਪ੍ਰਬੰਧ ਕੀਤਾ ਸੀ। ਉਸ ਦੇ ਸੇਵਾਮੁਕਤ ਫੌਜੀ ਪਿਤਾ ਬਲਵੀਰ ਸਿੰਘ ਨੇ ਇਸ ਲਈ ਆਪਣੀ ਜ਼ਮੀਨ ਵੀ ਵੇਚ ਦਿੱਤੀ ਸੀ ਤਾਂ ਜੋ ਪੁੱਤ ਦਾ ਭਵਿੱਖ ਸੰਵਰ ਸਕੇ।
ਇਸ ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮਾਪਿਆਂ ਅਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਦੱਸਿਆ ਕਿ ਲਵਪ੍ਰੀਤ ਨੇ ਕਰੀਬ ਦਸ ਦਿਨ ਪਹਿਲਾਂ ਹੀ ਘਰ ਫੋਨ ਕਰਕੇ ਸਭ ਨਾਲ ਗੱਲਬਾਤ ਕੀਤੀ ਸੀ ਅਤੇ ਜਲਦੀ ਮਿਲਣ ਦੀ ਗੱਲ ਕਹੀ ਸੀ। ਹੁਣ ਉਹ ਯਾਦਾਂ ਹੀ ਪਰਿਵਾਰ ਦਾ ਸਹਾਰਾ ਬਣ ਗਈਆਂ ਹਨ।
ਮ੍ਰਿਤਕ ਦੇ ਪਰਿਵਾਰ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਕੈਨੇਡਾ ਸਰਕਾਰ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਐਨਆਰਆਈ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਲਵਪ੍ਰੀਤ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ, ਤਾਂ ਜੋ ਪਰਿਵਾਰ ਆਪਣੇ ਇਕਲੌਤੇ ਪੁੱਤ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕਰ ਸਕੇ।
ਇਸ ਮੰਦਭਾਗੀ ਘਟਨਾ ‘ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਸਥਾਨਕ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਲੋਕ ਲਵਪ੍ਰੀਤ ਨੂੰ ਇੱਕ ਬਹਾਦਰ ਨੌਜਵਾਨ ਵਜੋਂ ਯਾਦ ਕਰ ਰਹੇ ਹਨ, ਜਿਸ ਨੇ ਆਪਣੇ ਦੋਸਤ ਦੀ ਜਾਨ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ ‘ਤੇ ਲਾ ਦਿੱਤੀ।







