ਅਮਰੀਕਾ: ਅਮਰੀਕਾ ਵਿੱਚ ਨਸ਼ਾ ਤਸਕਰੀ ਦੇ ਇੱਕ ਵੱਡੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜੋਬਨਪ੍ਰੀਤ ਸਿੰਘ ਨੂੰ 75 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਹ ਆਪਣੀ ਸਜ਼ਾ ਦਾ ਘੱਟੋ-ਘੱਟ 75 ਫੀਸਦੀ ਹਿੱਸਾ ਭੁਗਤਣ ਤੋਂ ਬਾਅਦ ਹੀ ਪੈਰੋਲ ਜਾਂ ਰਿਹਾਈ ਲਈ ਅਰਜ਼ੀ ਦੇਣ ਦਾ ਹੱਕਦਾਰ ਹੋਵੇਗਾ।
ਜੱਜ ਵਿਲੀਅਮ ਯੋਡਰ ਨੇ 30 ਸਾਲਾ ਜੋਬਨਪ੍ਰੀਤ ਸਿੰਘ ਨੂੰ ਇਹ ਸਜ਼ਾ ਸੁਣਾਉਂਦਿਆਂ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ। ਇਸ ਤੋਂ ਪਹਿਲਾਂ ਉਹ ਇਸੇ ਕੇਸ ਤਹਿਤ ਮੈਕਲੀਨ ਕਾਊਂਟੀ ਜੇਲ੍ਹ ਵਿੱਚ 407 ਦਿਨ ਬਿਤਾ ਚੁੱਕਾ ਸੀ। ਮਾਰਚ 2026 ਵਿੱਚ ਜਿਊਰੀ ਨੇ ਉਸ ਨੂੰ ਕੋਕੀਨ ਦੀ ਤਸਕਰੀ ਅਤੇ ਡਿਲੀਵਰੀ ਦੇ ਇਰਾਦੇ ਨਾਲ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ।
ਜਾਂਚ ਅਨੁਸਾਰ ਅਪ੍ਰੈਲ 2025 ਵਿੱਚ Illinois ਦੇ ਹਾਈਵੇ-74 ‘ਤੇ ਲੇਰੋਏ ਐਗਜ਼ਿਟ ਨੇੜੇ ਇੱਕ ਟ੍ਰੈਫਿਕ ਚੈਕ ਦੌਰਾਨ ਸਟੇਟ ਪੁਲਿਸ ਨੇ ਉਸ ਦੇ ਟਰੱਕ ਦੀ ਤਲਾਸ਼ੀ ਲਈ ਸੀ। ਉਸ ਸਮੇਂ ਉਹ ਪੋਲਟਰੀ ਨਾਲ ਸਬੰਧਤ ਲੋਡ ਲੈ ਕੇ ਜਾ ਰਿਹਾ ਸੀ। ਤਲਾਸ਼ੀ ਦੌਰਾਨ ਟਰੱਕ ਵਿੱਚੋਂ ਲਗਭਗ 234 ਪੌਂਡ (ਕਰੀਬ 106 ਕਿਲੋਗ੍ਰਾਮ) ਕੋਕੀਨ ਬਰਾਮਦ ਹੋਈ।
ਰਾਜ ਦੀ ਅਟਾਰਨੀ ਏਰਿਕਾ ਰੇਨੋਲਡਜ਼ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਬਰਾਮਦ ਕੀਤੀ ਗਈ ਕੋਕੀਨ ਦੀ ਬਾਜ਼ਾਰੀ ਕੀਮਤ 10.6 ਮਿਲੀਅਨ ਡਾਲਰ (ਕਰੀਬ 100 ਕਰੋੜ ਰੁਪਏ) ਤੋਂ ਵੱਧ ਸੀ।
ਪੁਲਿਸ ਨੇ ਦੱਸਿਆ ਕਿ ਜਦੋਂ ਜੋਬਨਪ੍ਰੀਤ ਸਿੰਘ ਨੂੰ ਵਾਹਨ ਰੋਕਣ ਲਈ ਕਿਹਾ ਗਿਆ ਤਾਂ ਉਸ ਨੇ ਕਾਫੀ ਦੇਰ ਨਾਲ ਟਰੱਕ ਰੋਕਿਆ। ਪੁੱਛਗਿੱਛ ਦੌਰਾਨ ਉਹ ਬਹੁਤ ਘਬਰਾਇਆ ਹੋਇਆ ਦਿਖਾਈ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਟਰੱਕ ਵਿੱਚ ਮੌਜੂਦ ਚਾਰ ਵੱਡੇ ਕੂੜੇ ਦੇ ਥੈਲਿਆਂ ਵਿੱਚ ਰੱਖੇ ਨਸ਼ੀਲੇ ਪਦਾਰਥਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਹਾਲਾਂਕਿ, ਜਾਂਚ ਦੌਰਾਨ ਉਸ ਦੇ ਮੋਬਾਈਲ ਫੋਨ ਤੋਂ ਮਿਲੇ ਡਾਟਾ ਨੇ ਵੱਖਰੀ ਤਸਵੀਰ ਪੇਸ਼ ਕੀਤੀ। ਅਧਿਕਾਰੀਆਂ ਮੁਤਾਬਕ ਫੋਨ ਰਿਕਾਰਡਾਂ ਵਿੱਚ ਦੇਸ਼ ਭਰ ਵਿੱਚ 5,400 ਡਾਲਰ ਦੇ ਬਦਲੇ ਸ਼ੱਕੀ ਲੋਡ ਢੋਣ ਸਬੰਧੀ ਸੰਦੇਸ਼ ਮਿਲੇ, ਜਿਨ੍ਹਾਂ ਤੋਂ ਇਹ ਸੰਕੇਤ ਮਿਲਿਆ ਕਿ ਉਹ ਕਥਿਤ ਤੌਰ ‘ਤੇ “ਡਰੱਗ ਮਿਊਲ” ਵਜੋਂ ਕੰਮ ਕਰ ਰਿਹਾ ਸੀ।
ਅਦਾਲਤੀ ਫ਼ੈਸਲੇ ਨੂੰ ਅਮਰੀਕਾ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਰੁਖ਼ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ, ਜਿੱਥੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ ਵਿੱਚ ਕੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ।









