ਉਤਰਾਖੰਡ: ਖਰਾਬ ਮੌਸਮ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਰਤੀ ਮੌਸਮ ਵਿਭਾਗ (IMD) ਨੇ 12 ਅਤੇ 13 ਮਈ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਖਾਸ ਕਰਕੇ ਪਹਾੜੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ, ਗਰਜ-ਚਮਕ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਕੇ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਵਿਨੈ ਸ਼ੰਕਰ ਪਾਂਡੇ ਨੇ ਚਾਰ ਧਾਮ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ 12 ਅਤੇ 13 ਮਈ ਨੂੰ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਵਧੀਕ ਸਾਵਧਾਨੀ ਵਰਤਣ। ਜੇ ਸੰਭਵ ਹੋਵੇ ਤਾਂ ਮੌਸਮ ਆਮ ਹੋਣ ਤੋਂ ਬਾਅਦ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਪ੍ਰਸ਼ਾਸਨ ਨੇ ਸਾਰੇ ਸੰਬੰਧਤ ਵਿਭਾਗਾਂ ਨੂੰ ਯਾਤਰੀਆਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਸ਼ਰਧਾਲੂਆਂ ਨੂੰ ਸਥਾਨਕ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਟੀਮਾਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ।
ਗੰਗੋਤਰੀ ਧਾਮ, ਯਮੁਨੋਤਰੀ ਧਾਮ, ਕੇਦਾਰਨਾਥ ਧਾਮ ਅਤੇ ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹਣ ਤੋਂ ਬਾਅਦ ਹੁਣ ਤੱਕ ਲੱਖਾਂ ਸ਼ਰਧਾਲੂ ਦਰਸ਼ਨ ਲਈ ਪਹੁੰਚ ਚੁੱਕੇ ਹਨ। ਖਰਾਬ ਮੌਸਮ ਕਾਰਨ ਪਹਾੜੀ ਰਸਤਿਆਂ ‘ਤੇ ਲੈਂਡਸਲਾਈਡ ਜਾਂ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਮੌਸਮ ਵਿਭਾਗ ਨੇ ਲੋਕਾਂ ਨੂੰ ਬਿਜਲੀ ਕੜਕਣ ਦੌਰਾਨ ਖੁੱਲ੍ਹੇ ਇਲਾਕਿਆਂ, ਨਦੀਆਂ ਦੇ ਕਿਨਾਰਿਆਂ ਅਤੇ ਪਹਾੜੀ ਢਲਾਣਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।








