ਭਾਰਤ ਨੇ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਮੌਜੂਦਾ ਚੈਂਪੀਅਨ ਭਾਰਤ ਨੇ ਸੈਮੀਫਾਈਨਲ ਵਿੱਚ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਖ਼ਿਤਾਬੀ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ।
ਭਾਰਤ ਲਈ ਕਪਤਾਨ ਅਨਮੋਲ ਏਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਗੋਲ ਕੀਤੇ। ਦੋਵੇਂ ਗੋਲ ਪੈਨਲਟੀ ਕਾਰਨਰ ਰਾਹੀਂ ਆਏ। ਇਸ ਦੇ ਨਾਲ ਹੀ ਟੂਰਨਾਮੈਂਟ ਵਿੱਚ ਅਨਮੋਲ ਦੇ ਗੋਲਾਂ ਦੀ ਗਿਣਤੀ 16 ਹੋ ਗਈ ਹੈ।
ਸੁਖਵਿੰਦਰ ਨੇ 51ਵੇਂ ਮਿੰਟ ਵਿੱਚ ਤੀਜਾ ਗੋਲ ਕਰਕੇ ਭਾਰਤ ਦੀ ਜਿੱਤ ਲਗਭਗ ਪੱਕੀ ਕਰ ਦਿੱਤੀ। ਗੋਲਕੀਪਰ ਵਿਵੇਕ ਲਾਕੜਾ ਨੇ ਵੀ ਸ਼ਾਨਦਾਰ ਖੇਡ ਦਿਖਾਉਂਦਿਆਂ ਮਲੇਸ਼ੀਆ ਦਾ ਮਹੱਤਵਪੂਰਨ ਪੈਨਲਟੀ ਸਟਰੋਕ ਰੋਕਿਆ।
ਮਲੇਸ਼ੀਆ ਵੱਲੋਂ ਐੱਮ. ਰਾਹੁਲ ਨੇ ਮੈਚ ਖ਼ਤਮ ਹੋਣ ਤੋਂ ਸਿਰਫ਼ 24 ਸਕਿੰਟ ਪਹਿਲਾਂ ਗੋਲ ਕੀਤਾ, ਪਰ ਉਦੋਂ ਤੱਕ ਭਾਰਤ ਨੇ ਮੈਚ ’ਤੇ ਪੂਰੀ ਪਕੜ ਬਣਾ ਲਈ ਸੀ।
ਹੁਣ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਪਾਕਿਸਤਾਨ ਅਤੇ ਦੱਖਣੀ ਕੋਰੀਆ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।






