Monday, September 14, 2026
Home Punjab ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਸ਼ਾਨਦਾਰ ਸਮਾਪਤੀ ਸਮਾਰੋਹ, ਮੁੱਖ ਮੰਤਰੀ ਮਾਨ ਨੇ ਨੌਜਵਾਨ...

ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਸ਼ਾਨਦਾਰ ਸਮਾਪਤੀ ਸਮਾਰੋਹ, ਮੁੱਖ ਮੰਤਰੀ ਮਾਨ ਨੇ ਨੌਜਵਾਨ ਕ੍ਰਿਕਟਰਾਂ ਦੀ ਕੀਤੀ ਹੌਸਲਾ ਅਫਜ਼ਾਈ

0
1

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਲੀਗ ਨੂੰ ਪੰਜਾਬ ਦੇ ਉੱਭਰਦੇ ਕ੍ਰਿਕਟ ਹੁਨਰ ਨੂੰ ਪਛਾਣਨ, ਨਿਖਾਰਨ ਅਤੇ ਕੌਮੀ ਪੱਧਰ ਤੱਕ ਪਹੁੰਚਾਉਣ ਲਈ ਅਹਿਮ ਮੰਚ ਕਰਾਰ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਲੀਗ ਵਿੱਚ ਪੰਜਾਬ ਦੇ ਕਰੀਬ 119 ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਦੇਸ਼ ਦਾ ਖੇਡ ਹੱਬ ਬਣਾਉਣ ਲਈ ਵਚਨਬੱਧ ਹੈ ਅਤੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਯਤਨ ਲਗਾਤਾਰ ਜਾਰੀ ਰਹਿਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਦੋ ਹਫ਼ਤੇ ਚੱਲੀ ਇਸ ਲੀਗ ਦੌਰਾਨ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਦੇ ਕਈ ਹੋਣਹਾਰ ਕ੍ਰਿਕਟਰ ਸੁਰਖੀਆਂ ਵਿੱਚ ਆਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਵਿੱਚੋਂ ਕਈ ਖਿਡਾਰੀ ਭਵਿੱਖ ਵਿੱਚ ਪੰਜਾਬ ਅਤੇ ਭਾਰਤ ਦੀ ਨੁਮਾਇੰਦਗੀ ਕਰਨਗੇ।

ਉਨ੍ਹਾਂ ਦੱਸਿਆ ਕਿ ਲੀਗ ਦੇ ਪ੍ਰਦਰਸ਼ਨ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਨਮਨ ਧੀਰ ਅਤੇ ਪ੍ਰਭਸਿਮਰਨ ਸਿੰਘ ਦੀ ਇੰਡੀਆ ‘ਏ’ ਟੀਮ ਵਿੱਚ ਚੋਣ ਨੂੰ ਉਨ੍ਹਾਂ ਇਸ ਲੀਗ ਦੀ ਸਫਲਤਾ ਨਾਲ ਜੋੜਦਿਆਂ ਕਿਹਾ ਕਿ ਅਜਿਹੇ ਮੰਚ ਉੱਭਰਦੇ ਖਿਡਾਰੀਆਂ ਲਈ ਕੌਮੀ ਪੱਧਰ ਤੱਕ ਪਹੁੰਚਣ ਦਾ ਰਾਹ ਪੱਧਰਾ ਕਰਦੇ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਵੇਲੇ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਹਰਮਨਪ੍ਰੀਤ ਕੌਰ ਪੰਜਾਬ ਨਾਲ ਸਬੰਧਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ 21 ਖਿਡਾਰੀ ਇਸ ਸਮੇਂ ਆਈ.ਪੀ.ਐੱਲ. ਵਿੱਚ ਖੇਡ ਰਹੇ ਹਨ ਅਤੇ ਸ਼ੇਰ-ਏ-ਪੰਜਾਬ ਟੀ-20 ਲੀਗ ਦੌਰਾਨ ਵੱਖ-ਵੱਖ ਆਈ.ਪੀ.ਐੱਲ. ਟੀਮਾਂ ਦੇ ਟੈਲੇਂਟ ਸਕਾਊਟਸ ਅਤੇ ਸਿਲੈਕਟਰਾਂ ਨੇ ਵੀ ਮੈਚ ਵੇਖੇ।

ਮੁੱਖ ਮੰਤਰੀ ਨੇ ਕਿਹਾ ਕਿ ‘ਪਲੇਅਰ ਆਫ਼ ਦਾ ਟੂਰਨਾਮੈਂਟ’ ਨੂੰ ‘ਯੁਵਰਾਜ ਸਿੰਘ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਸਿਰਫ਼ ਕ੍ਰਿਕਟ ਟੂਰਨਾਮੈਂਟ ਨਹੀਂ, ਸਗੋਂ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਮੌਜੂਦ ਕ੍ਰਿਕਟ ਪ੍ਰਤਿਭਾ ਨੂੰ ਪਛਾਣਨ ਅਤੇ ਉਤਸ਼ਾਹਿਤ ਕਰਨ ਦਾ ਮਹੱਤਵਪੂਰਨ ਉਪਰਾਲਾ ਹੈ।

ਇਸ ਲੀਗ ਵਿੱਚ ਛੇ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਫਾਜ਼ਿਲਕਾ ਫਾਲਕਨਜ਼, ਅਰਸ਼ਦੀਪ ਸਿੰਘ ਦੀ ਅਗਵਾਈ ਵਾਲੀ ਲੁਧਿਆਣਾ ਲਾਇਨਜ਼, ਅਭਿਸ਼ੇਕ ਸ਼ਰਮਾ ਦੀ ਅਗਵਾਈ ਵਾਲੀ ਅੰਮ੍ਰਿਤਸਰ ਸੁਰਮਾਜ਼, ਪ੍ਰਭਸਿਮਰਨ ਸਿੰਘ ਦੀ ਅਗਵਾਈ ਵਾਲੀ ਜਲੰਧਰ ਵਾਰੀਅਰਜ਼, ਰਮਨਦੀਪ ਸਿੰਘ ਦੀ ਅਗਵਾਈ ਵਾਲੀ ਮੋਹਾਲੀ ਕਿੰਗਜ਼ ਅਤੇ ਗੁਰਨੂਰ ਬਰਾੜ ਦੀ ਅਗਵਾਈ ਵਾਲੀ ਬਠਿੰਡਾ ਰਾਇਲਜ਼ ਸ਼ਾਮਲ ਸਨ।

ਲੀਗ ਵਿੱਚ ਅਨਮੋਲਪ੍ਰੀਤ ਸਿੰਘ, ਨਮਨ ਧੀਰ, ਵਿਹਾਨ ਮਲਹੋਤਰਾ, ਇਮਾਨਜੋਤ ਸਿੰਘ ਚਾਹਲ, ਅਸ਼ਵਨੀ ਕੁਮਾਰ, ਕ੍ਰਿਸ਼ ਭਗਤ, ਸਾਹਿਲ ਭਾਸਕਰ ਅਤੇ ਰਾਹੁਲ ਕੁਮਾਰ ਸਮੇਤ ਪੰਜਾਬ ਦੇ ਕਈ ਹੋਣਹਾਰ ਕ੍ਰਿਕਟਰਾਂ ਨੇ ਹਿੱਸਾ ਲਿਆ।

ਇਸ ਮੌਕੇ ਮੁੱਖ ਮੰਤਰੀ ਨੇ ਫਾਈਨਲ ਵਿੱਚ ਪਹੁੰਚੀਆਂ ਅੰਮ੍ਰਿਤਸਰ ਸੁਰਮਾਜ਼ ਅਤੇ ਲੁਧਿਆਣਾ ਲਾਇਨਜ਼ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here