ਸਰਮਾਦਾ: ਉੱਤਰੀ-ਪੱਛਮੀ ਸੀਰੀਆ ਦੇ ਸਰਮਾਦਾ ਕਸਬੇ ਨੇੜੇ ਇੱਕ ਹਥਿਆਰਾਂ ਦੇ ਗੋਦਾਮ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਹੋਰ ਜ਼ਖਮੀ ਹੋਏ ਹਨ। ਸਰਕਾਰੀ ਮੀਡੀਆ ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਮੁਤਾਬਕ ਇਦਲਿਬ ਸੂਬੇ ਵਿੱਚ ਹੋਏ ਧਮਾਕੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਸਰਕਾਰੀ ਸਮਾਚਾਰ ਏਜੰਸੀ ਸਾਨਾ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਗੋਦਾਮ ਵਿੱਚ 2011 ਤੋਂ 2024 ਤੱਕ ਚੱਲੀ ਜੰਗ ਦੌਰਾਨ ਬਚੇ ਹਥਿਆਰ ਅਤੇ ਗੋਲਾ-ਬਾਰੂਦ ਸਟੋਰ ਕੀਤਾ ਜਾ ਰਿਹਾ ਸੀ।
ਧਮਾਕੇ ਤੋਂ ਬਾਅਦ ਸੀਰੀਅਨ ਸਿਵਲ ਡਿਫੈਂਸ ਅਤੇ ਸੀਰੀਅਨ ਰੈੱਡ ਕ੍ਰੀਸੈਂਟ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਸ਼ੁਰੂ ਕੀਤੀ। ਘਟਨਾ ਸਥਾਨ ਤੋਂ ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਵੀ ਕੀਤਾ ਗਿਆ।
ਘਟਨਾ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿੱਚ ਆਸਮਾਨ ਵੱਲ ਉੱਠਦਾ ਕਾਲੇ ਧੂੰਏਂ ਦਾ ਵੱਡਾ ਗੁਬਾਰ ਦਿਖਾਈ ਦਿੱਤਾ। ਇਸ ਦੌਰਾਨ ਛੋਟੇ-ਛੋਟੇ ਧਮਾਕਿਆਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ।
ਸੀਰੀਆ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਚੱਲੀ ਜੰਗ ਕਾਰਨ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਮੌਜੂਦ ਹਨ, ਜਿਸ ਕਾਰਨ ਅਜਿਹੀਆਂ ਘਟਨਾਵਾਂ ਦਾ ਖਤਰਾ ਬਣਿਆ ਰਹਿੰਦਾ ਹੈ।






