· ਤੀਜੇ ਦਿਨ ਨਵੇਂ ਬੱਸ ਸਟੈਂਡ, ਨਗਰ ਪੰਚਾਇਤ ਦਫ਼ਤਰ ਸਮੇਤ ਵੱਖ ਵੱਖ ਇਲਾਕਿਆਂ ਵਿੱਚ ਚਲਾਇਆ ਵਿਸ਼ੇਸ਼ ਸਫ਼ਾਈ ਅਭਿਆਨ
· ਸਾਫ਼-ਸੁਥਰੇ ਤੇ ਸੁੰਦਰ ਅਮਰਗੜ੍ਹ ਦੀ ਸਿਰਜਣਾ ਲਈ ਲੋਕਾਂ ਦੀ ਭਾਗੀਦਾਰੀ ਅਤਿ ਜ਼ਰੂਰੀ: ਰੁਚੀਕਾ ਕੌੜਾ
ਅਮਰਗੜ੍ਹ/ਮਾਲੇਰਕੋਟਲਾ: ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼ ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਨਗਰ ਪੰਚਾਇਤ ਅਮਰਗੜ੍ਹ ਵੱਲੋਂ ਸਫ਼ਾਈ ਮੁਹਿੰਮ ਦੇ ਤੀਜੇ ਦਿਨ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਪ੍ਰਧਾਨ ਨਗਰ ਪੰਚਾਇਤ ਰੁਚੀਕਾ ਕੌੜਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਦੌਰਾਨ ਨਵੇਂ ਬੱਸ ਸਟੈਂਡ, ਨਗਰ ਪੰਚਾਇਤ ਦਫ਼ਤਰ ਦੇ ਆਲੇ-ਦੁਆਲੇ ਸਮੇਤ ਵੱਖ-ਵੱਖ ਜਨਤਕ ਥਾਵਾਂ ਦੀ ਸਫ਼ਾਈ ਕਰਵਾਈ ਗਈ।
ਮੁਹਿੰਮ ਦੌਰਾਨ ਸੜਕਾਂ ਦੇ ਕਿਨਾਰਿਆਂ, ਖਾਲੀ ਥਾਵਾਂ ਅਤੇ ਜਨਤਕ ਸਥਾਨਾਂ ’ਤੇ ਪਏ ਕੂੜੇ ਕਰਕਟ, ਮਲਬੇ ਅਤੇ ਦਰੱਖਤਾਂ-ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਹਟਾ ਕੇ ਢੁਕਵੇਂ ਸਥਾਨਾਂ ’ਤੇ ਪਹੁੰਚਾਇਆ ਗਿਆ। ਇਸ ਕਾਰਜ ਵਿੱਚ ਨਗਰ ਪੰਚਾਇਤ ਦੇ ਕੌਂਸਲਰਾਂ, ਸਫ਼ਾਈ ਕਰਮਚਾਰੀਆਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਸਰਗਰਮ ਸਹਿਯੋਗ ਦਿੱਤਾ ਗਿਆ।
‘ਮਿਸ਼ਨ ਕਲੀਨ ਪੰਜਾਬ’ ਨੂੰ ਸਿਰਫ਼ ਇੱਕ ਨਿਰਧਾਰਤ ਸਮੇਂ ਦੀ ਸਫ਼ਾਈ ਮੁਹਿੰਮ ਵਜੋਂ ਨਹੀਂ, ਬਲਕਿ ਸਫ਼ਾਈ ਨੂੰ ਲੋਕਾਂ ਦੀ ਰੋਜ਼ਾਨਾ ਜੀਵਨ-ਸ਼ੈਲੀ ਦਾ ਹਿੱਸਾ ਬਣਾਉਣ ਵਾਲੀ ਲੋਕ ਲਹਿਰ ਵਜੋਂ ਅੱਗੇ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਵਾਤਾਵਰਣ ਲੋਕਾਂ ਦੀ ਸਿਹਤ ਅਤੇ ਜੀਵਨ ਦੀ ਗੁਣਵੱਤਾ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। 10 ਦਿਨਾਂ ਦੀ ਇਹ ਵਿਸ਼ੇਸ਼ ਸਫ਼ਾਈ ਮੁਹਿੰਮ 8 ਸਤੰਬਰ ਤੱਕ ਨਿਰਧਾਰਤ ਰੂਟ ਪਲਾਨ ਅਨੁਸਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਵੱਲੋਂ ਸਫ਼ਾਈ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਦੇ ਨਾਲ-ਨਾਲ ਕੂੜੇ ਦੀ ਸਹੀ ਸੰਭਾਲ ਅਤੇ ਜਨਤਕ ਥਾਵਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਰੁਚੀਕਾ ਕੌੜਾ ਨੇ ਕਿਹਾ ਕਿ ਅਮਰਗੜ੍ਹ ਨੂੰ ਸਾਫ਼ ਅਤੇ ਸੁੰਦਰ ਬਣਾਉਣ ਦਾ ਟੀਚਾ ਤਾਂ ਹੀ ਪੂਰਾ ਹੋ ਸਕਦਾ ਹੈ ਜਦੋਂ ਸਰਕਾਰੀ ਯਤਨਾਂ ਨਾਲ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਿਭਾਏ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸੜਕਾਂ ਅਤੇ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ, ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਨਗਰ ਪੰਚਾਇਤ ਦੀਆਂ ਗੱਡੀਆਂ ਵਿੱਚ ਪਾਉਣ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣ।
ਉਨ੍ਹਾਂ ਇਸ ਮੁਹਿੰਮ ਵਿੱਚ ਸਹਿਯੋਗ ਦੇ ਰਹੀਆਂ ਸਮਾਜ ਸੇਵੀ ਸੰਸਥਾਵਾਂ, ਨਗਰ ਪੰਚਾਇਤ ਦੇ ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀ ਇਹ ਸਾਂਝੀ ਭਾਗੀਦਾਰੀ ਅਮਰਗੜ੍ਹ ਨੂੰ ਸਾਫ਼ ਸੁਥਰਾ ਅਤੇ ਮਿਸਾਲੀ ਸ਼ਹਿਰ ਬਣਾਉਣ ਲਈ ਅਹਿਮ ਸਾਬਤ ਹੋਵੇਗੀ।
ਇਸ ਮੌਕੇ ਸਮਾਜ ਸੇਵੀ ਦੀਪਕ ਕੌੜਾ, ਕੌਂਸਲਰ ਸੰਦੀਪ ਕੌੜਾ, ਸਵਰਨ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਪ੍ਰੇਮ ਚੰਦ ਕਪੂਰ, ਗੁਰਵੀਰ ਸਿੰਘ, ਸ਼ਹਿਰੀ ਪ੍ਰਧਾਨ ਅਮਰਗੜ੍ਹ ਸੁਖਵਿੰਦਰ ਸਿੰਘ ਸੁੱਖਾ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਪਤਵੰਤੇ ਮੌਜੂਦ ਸਨ।






