ਨਿਊਯਾਰਕ: ਭਾਰਤ ਦੇ ਆਜ਼ਾਦੀ ਦਿਵਸ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਅਮਰੀਕਾ ਦੇ ਨਿਊਯਾਰਕ ਅਤੇ ਨਿਊਜਰਸੀ ਸੂਬਿਆਂ ਨੇ 15 ਅਗਸਤ 2026 ਨੂੰ ‘ਭਾਰਤੀ ਆਜ਼ਾਦੀ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਨਿਊਯਾਰਕ ਸਥਿਤ ਭਾਰਤੀ ਕੌਂਸਲਖ਼ਾਨੇ ਮੁਤਾਬਕ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਸਰਕਾਰੀ ਐਲਾਨ ਜਾਰੀ ਕਰਕੇ 15 ਅਗਸਤ ਨੂੰ ਪੂਰੇ ਸੂਬੇ ਵਿੱਚ ਭਾਰਤੀ ਆਜ਼ਾਦੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸੇ ਤਰ੍ਹਾਂ ਨਿਊਜਰਸੀ ਦੀ ਗਵਰਨਰ ਮਿੱਕੀ ਸ਼ੇਰਿਲ ਨੇ ਵੀ ਇਸ ਦਿਨ ਨੂੰ ਮਾਨਤਾ ਦੇਣ ਦਾ ਐਲਾਨ ਕੀਤਾ ਹੈ।
ਕੌਂਸਲਖ਼ਾਨੇ ਨੇ ਕਿਹਾ ਕਿ ਇਹ ਐਲਾਨ ਭਾਰਤ ਦੇ 80ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਕੀਤੇ ਗਏ ਹਨ ਅਤੇ ਭਾਰਤ ਦੇ ਆਜ਼ਾਦੀ ਦੇ ਸਫ਼ਰ ਨਾਲ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹਨ।
ਨਿਊਯਾਰਕ ਅਤੇ ਨਿਊਜਰਸੀ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀ ਭਾਈਚਾਰਾ ਵੱਸਦਾ ਹੈ। ਇੱਥੇ ਭਾਰਤੀ ਮੂਲ ਦੇ ਲੋਕ ਕਾਰੋਬਾਰ, ਤਕਨਾਲੋਜੀ, ਸਿਹਤ ਸੇਵਾਵਾਂ, ਸਿੱਖਿਆ ਅਤੇ ਜਨਤਕ ਸੇਵਾ ਸਮੇਤ ਕਈ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਭਾਰਤੀ ਕੌਂਸਲਖ਼ਾਨੇ ਨੇ ਦੋਵਾਂ ਗਵਰਨਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਦਮ ਭਾਰਤ-ਅਮਰੀਕਾ ਦੋਸਤੀ ਅਤੇ ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਵਾਲਾ ਹੈ।






