Monday, August 10, 2026
Home World News ਪ੍ਰੇਮਿਕਾ ਦੇ ਕਤਲ ਮਗਰੋਂ ਭਾਰਤ ਭੱਜ ਰਿਹਾ ਸੀ ਵਿਦਿਆਰਥੀ, ਜਰਮਨੀ ’ਚ ਫੜਿਆ

ਪ੍ਰੇਮਿਕਾ ਦੇ ਕਤਲ ਮਗਰੋਂ ਭਾਰਤ ਭੱਜ ਰਿਹਾ ਸੀ ਵਿਦਿਆਰਥੀ, ਜਰਮਨੀ ’ਚ ਫੜਿਆ

0
6

ਅਮਰੀਕਾ ਦੇ ਅਰੀਜ਼ੋਨਾ ਸੂਬੇ ਦੇ ਟਕਸਨ ਸ਼ਹਿਰ ਵਿੱਚ ਆਪਣੀ 19 ਸਾਲਾ ਪ੍ਰੇਮਿਕਾ ਦੇ ਕਤਲ ਦੇ ਦੋਸ਼ ਹੇਠ 20 ਸਾਲਾ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਨੂੰ ਜਰਮਨੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਵਰੁਣ ਨੇ 6 ਅਗਸਤ ਨੂੰ ਆਪਣੀ ਪ੍ਰੇਮਿਕਾ ਜੁਲਿਸਾ ਰੂਬੀ ਸਾਲਾਜ਼ਾਰ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਇਸ ਤੋਂ ਬਾਅਦ ਭਾਰਤ ਭੱਜਣ ਦੀ ਕੋਸ਼ਿਸ਼ ਕੀਤੀ।

ਵਰੁਣ ਯੂਨੀਵਰਸਿਟੀ ਆਫ਼ ਅਰੀਜ਼ੋਨਾ ਵਿੱਚ ਬਿਜ਼ਨਸ ਐਨਾਲਿਟਿਕਸ ਦਾ ਵਿਦਿਆਰਥੀ ਰਹਿ ਚੁੱਕਾ ਹੈ। ਪੁਲੀਸ ਮੁਤਾਬਕ, ਕਥਿਤ ਕਤਲ ਤੋਂ ਬਾਅਦ ਉਸ ਨੇ ਜੁਲਿਸਾ ਦਾ ਮੋਬਾਈਲ ਫ਼ੋਨ ਅਤੇ ਕ੍ਰੈਡਿਟ ਕਾਰਡ ਆਪਣੇ ਕਬਜ਼ੇ ਵਿੱਚ ਲੈ ਲਏ ਅਤੇ ਉਸ ਦੀ ਪਛਾਣ ਬਣ ਕੇ ਉਸ ਦੀ ਮਾਂ ਨੂੰ ਮੈਸੇਜ ਭੇਜਣ ਦੀ ਕੋਸ਼ਿਸ਼ ਕੀਤੀ।

ਜਦੋਂ ਜੁਲਿਸਾ ਦੇ ਪਰਿਵਾਰ ਨੂੰ ਮੈਸੇਜਾਂ ਦੀ ਭਾਸ਼ਾ ’ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਜਦੋਂ ਅਧਿਕਾਰੀ ਅਪਾਰਟਮੈਂਟ ਪਹੁੰਚੇ ਤਾਂ ਜੁਲਿਸਾ ਦੀ ਲਾਸ਼ ਮਿਲੀ। ਪੁਲੀਸ ਮੁਤਾਬਕ, ਉਸ ਦੀ ਧੌਣ ’ਤੇ ਗਲਾ ਘੁੱਟਣ ਦੇ ਨਿਸ਼ਾਨ ਸਨ।

ਮਾਮਲੇ ਦੀ ਜਾਂਚ ਤੋਂ ਬਾਅਦ ਟਕਸਨ ਪੁਲੀਸ ਨੇ ਵਰੁਣ ਖ਼ਿਲਾਫ਼ ਫ਼ਰਸਟ-ਡਿਗਰੀ ਮਰਡਰ ਅਤੇ ਅਗਵਾ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਇਸ ਤੋਂ ਬਾਅਦ ਟਕਸਨ ਪੁਲੀਸ, ਐੱਫਬੀਆਈ ਅਤੇ ਜਰਮਨੀ ਵਿੱਚ ਅਮਰੀਕੀ ਕਾਨੂੰਨੀ ਅਧਿਕਾਰੀਆਂ ਵਿਚਕਾਰ ਤਾਲਮੇਲ ਕੀਤਾ ਗਿਆ।

ਜਾਂਚ ਏਜੰਸੀਆਂ ਨੂੰ ਪਤਾ ਲੱਗਾ ਕਿ ਵਰੁਣ ਅਮਰੀਕਾ ਤੋਂ ਨਿਕਲ ਕੇ ਜਰਮਨੀ ਰਾਹੀਂ ਭਾਰਤ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਰਮਨੀ ਪਹੁੰਚਦੇ ਹੀ ਉਸ ਨੂੰ ਹਵਾਈ ਅੱਡੇ ’ਤੇ ਹਿਰਾਸਤ ਵਿੱਚ ਲੈ ਲਿਆ ਗਿਆ, ਜਿਸ ਨਾਲ ਉਸ ਦੀ ਭਾਰਤ ਜਾਣ ਦੀ ਕੋਸ਼ਿਸ਼ ਨਾਕਾਮ ਹੋ ਗਈ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੁਲਿਸਾ ਵਰੁਣ ਦੇ ਕਥਿਤ ਹਿੰਸਕ ਵਿਵਹਾਰ ਕਾਰਨ ਉਸ ਤੋਂ ਰਿਸ਼ਤਾ ਖ਼ਤਮ ਕਰਨਾ ਚਾਹੁੰਦੀ ਸੀ। ਅਧਿਕਾਰੀਆਂ ਮੁਤਾਬਕ, ਵਰੁਣ ਦਾ ਪਹਿਲਾਂ ਵੀ ਕੁੱਟਮਾਰ ਨਾਲ ਸਬੰਧਤ ਰਿਕਾਰਡ ਰਿਹਾ ਹੈ ਅਤੇ ਉਸ ਨੂੰ ਯੂਨੀਵਰਸਿਟੀ ਤੋਂ ਵੀ ਕੱਢਿਆ ਗਿਆ ਸੀ। ਇੱਕ ਹੋਰ ਔਰਤ ਵੱਲੋਂ ਉਸ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।

ਫਿਲਹਾਲ ਵਰੁਣ ਜਰਮਨੀ ਦੀ ਹਿਰਾਸਤ ਵਿੱਚ ਹੈ ਅਤੇ ਉਸ ਨੂੰ ਅਮਰੀਕਾ ਦੇ ਅਰੀਜ਼ੋਨਾ ਸੂਬੇ ਵਿੱਚ ਵਾਪਸ ਭੇਜਣ ਦੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ।

LEAVE A REPLY

Please enter your comment!
Please enter your name here