ਚੰਡੀਗੜ੍ਹ: ਸੁਤੰਤਰਤਾ ਦਿਵਸ-2026 ਦੇ ਮੌਕੇ ’ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਅਤੇ ਪੁਲਿਸ ਵਿਭਾਗ ਵਿੱਚ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਪੁਲਿਸ ਦੇ ਇੰਸਪੈਕਟਰ ਬਲਜੀਤ ਸਿੰਘ ਨੂੰ ਰਾਸ਼ਟਰਪਤੀ ਮੈਡਲ ਲਈ ਚੁਣਿਆ ਗਿਆ ਹੈ, ਜਦਕਿ 11 ਹੋਰ ਅਧਿਕਾਰੀਆਂ ਨੂੰ ਮੈਰੀਟੋਰੀਅਸ ਸਰਵਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਮੈਰੀਟੋਰੀਅਸ ਸਰਵਿਸ ਮੈਡਲ ਹਾਸਲ ਕਰਨ ਵਾਲੇ ਅਧਿਕਾਰੀਆਂ ਵਿੱਚ ਇੰਸਪੈਕਟਰ ਜਨਰਲ ਬਾਬੂ ਲਾਲ ਮੀਨਾ, ਇੰਸਪੈਕਟਰ ਜਨਰਲ ਐਸ. ਭੂਪਤੀ, ਡੀ.ਐਸ.ਪੀ. ਸੁਭਾਸ਼ ਚੰਦ, ਡੀ.ਐਸ.ਪੀ. ਜਸਵੀਰ ਸਿੰਘ, ਡੀ.ਐਸ.ਪੀ. ਕਰਨੈਲ ਸਿੰਘ, ਡੀ.ਐਸ.ਪੀ. ਸੰਜੀਵ ਕੁਮਾਰ, ਏ.ਸੀ.ਪੀ. ਗਗਨਦੀਪ ਸਿੰਘ, ਏ.ਐਸ.ਆਈ. ਨਿਰਮਲ ਸਿੰਘ, ਇੰਸਪੈਕਟਰ ਨਿਰਮਲ ਸਿੰਘ, ਇੰਸਪੈਕਟਰ ਰਸ਼ਪਾਲ ਸਿੰਘ ਅਤੇ ਐਸ.ਪੀ. ਨਵਰੇਤ ਦੇ ਨਾਮ ਸ਼ਾਮਲ ਹਨ।
ਕੇਂਦਰ ਸਰਕਾਰ ਵੱਲੋਂ ਹਰ ਸਾਲ ਸੁਤੰਤਰਤਾ ਦਿਵਸ ਮੌਕੇ ਪੁਲਿਸ, ਫਾਇਰ ਸਰਵਿਸ ਅਤੇ ਹੋਰ ਸੇਵਾਵਾਂ ਵਿੱਚ ਸ਼ਾਨਦਾਰ ਅਤੇ ਮਿਸਾਲੀ ਕਾਰਗੁਜ਼ਾਰੀ ਦਿਖਾਉਣ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੱਖ-ਵੱਖ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਦਿਵਸ-2026 ਮੌਕੇ ਐਸ.ਪੀ. (ਡੀ) ਖੰਨਾ ਪਵਨਜੀਤ ਨੂੰ ਵੱਕਾਰੀ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਪੁਲਿਸ ਸੇਵਾ ਵਿੱਚ ਸ਼ਾਨਦਾਰ ਕਾਰਗੁਜ਼ਾਰੀ, ਡਿਊਟੀ ਪ੍ਰਤੀ ਸਮਰਪਣ ਅਤੇ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ ਲਈ ਦਿੱਤਾ ਜਾਵੇਗਾ।
ਸੀਨੀਅਰ ਪੁਲਿਸ ਕਪਤਾਨ ਖੰਨਾ ਡਾ. ਦਰਪਨ ਆਹਲੂਵਾਲੀਆ ਨੇ ਪਵਨਜੀਤ ਨੂੰ ਇਸ ਮਾਣਮੱਤੀ ਪ੍ਰਾਪਤੀ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਪਵਨਜੀਤ ਦੀ ਸਖ਼ਤ ਮਿਹਨਤ, ਡਿਊਟੀ ਪ੍ਰਤੀ ਵਚਨਬੱਧਤਾ ਅਤੇ ਪੁਲਿਸ ਸੇਵਾ ਪ੍ਰਤੀ ਸਮਰਪਿਤ ਭਾਵਨਾ ਦਾ ਪ੍ਰਤੀਕ ਹੈ।






