Monday, September 21, 2026
Home World News ਸੂਡਾਨ ਵਿੱਚ ਸੋਨੇ ਦੀ ਖਾਨ ਢਹਿ ਜਾਣ ਕਾਰਨ 11 ਮਜ਼ਦੂਰਾਂ ਦੀ ਮੌਤ

ਸੂਡਾਨ ਵਿੱਚ ਸੋਨੇ ਦੀ ਖਾਨ ਢਹਿ ਜਾਣ ਕਾਰਨ 11 ਮਜ਼ਦੂਰਾਂ ਦੀ ਮੌਤ

0
1

ਸੂਡਾਨ: ਉੱਤਰ-ਪੂਰਬੀ ਸੂਡਾਨ ਦੇ ਰੈੱਡ ਸੀ ਸੂਬੇ ਵਿੱਚ ਸੋਨੇ ਦੀ ਇੱਕ ਖਾਨ ਢਹਿ ਜਾਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਘੱਟੋ-ਘੱਟ 11 ਖਾਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕਰੀਬ 30 ਲੋਕ ਜ਼ਖਮੀ ਹੋਏ ਹਨ। ਮਲਬੇ ਵਿੱਚ ਫਸੇ ਹੋਰ ਮਜ਼ਦੂਰਾਂ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

ਜਾਣਕਾਰੀ ਮੁਤਾਬਕ ਇਹ ਹਾਦਸਾ ਓਨੀ ਨਾਮਕ ਦੂਰ-ਦਰਾਜ ਇਲਾਕੇ ਵਿੱਚ ਵਾਪਰਿਆ। ਸਰਕਾਰੀ ਮਾਲਕੀ ਵਾਲੀ ਸੂਡਾਨੀ ਮਿਨਰਲ ਰਿਸੋਰਸਿਜ਼ ਕੰਪਨੀ ਦੇ ਇੱਕ ਅਧਿਕਾਰੀ ਅਨੁਸਾਰ ਐਤਵਾਰ ਤੱਕ ਮਲਬੇ ਵਿੱਚੋਂ 11 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਸਨ, ਜਦਕਿ 30 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਵੱਲੋਂ ਮਲਬੇ ਹੇਠਾਂ ਫਸੇ ਜਾਂ ਲਾਪਤਾ ਮਜ਼ਦੂਰਾਂ ਦੀ ਭਾਲ ਜਾਰੀ ਹੈ।

ਕੰਪਨੀ ਨੇ ਹਾਦਸੇ ਵਿੱਚ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟ ਕੀਤਾ ਹੈ। ਸੂਡਾਨ ਵਿੱਚ ਛੋਟੇ ਪੱਧਰ ’ਤੇ ਚੱਲ ਰਹੀਆਂ ਕਈ ਗੈਰ-ਰਸਮੀ ਖਾਨਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਖਾਨ ਹਾਦਸੇ ਅਕਸਰ ਸਾਹਮਣੇ ਆਉਂਦੇ ਹਨ। ਮੌਜੂਦਾ ਹਾਦਸੇ ਨੂੰ ਇੱਕ ਹਫ਼ਤੇ ਦੇ ਅੰਦਰ ਵਾਪਰਿਆ ਦੂਜਾ ਵੱਡਾ ਖਾਨ ਹਾਦਸਾ ਦੱਸਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਪਿਛਲੇ ਐਤਵਾਰ ਪੱਛਮੀ ਸੂਡਾਨ ਵਿੱਚ ਇੱਕ ਗੈਰ-ਰਸਮੀ ਸੋਨੇ ਦੀ ਖਾਨ ਦੇ ਕਈ ਹਿੱਸੇ ਢਹਿ ਗਏ ਸਨ। ਇਹ ਇਲਾਕਾ ਅਰਧਸੈਨਿਕ ਸੰਗਠਨ ਰੈਪਿਡ ਸਪੋਰਟ ਫੋਰਸਿਜ਼ (RSF) ਦੇ ਕਬਜ਼ੇ ਹੇਠ ਦੱਸਿਆ ਗਿਆ ਸੀ। ਉਸ ਹਾਦਸੇ ਵਿੱਚ ਘੱਟੋ-ਘੱਟ 82 ਲੋਕਾਂ ਦੀ ਮੌਤ ਹੋਈ ਸੀ।

ਸੂਡਾਨ ਵਿੱਚ ਵੱਡੀ ਗਿਣਤੀ ਵਿੱਚ ਛੋਟੇ ਪੱਧਰ ਦੀਆਂ ਅਤੇ ਗੈਰ-ਰਸਮੀ ਸੋਨੇ ਦੀਆਂ ਖਾਨਾਂ ਮੌਜੂਦ ਹਨ। ਦੇਸ਼ ਵਿੱਚ ਅਪ੍ਰੈਲ 2023 ਤੋਂ ਸੂਡਾਨੀ ਫੌਜ ਅਤੇ RSF ਵਿਚਕਾਰ ਜੰਗ ਜਾਰੀ ਹੈ, ਜਿਸ ਕਾਰਨ ਕਈ ਖੇਤਰਾਂ ਵਿੱਚ ਮਨੁੱਖੀ ਸੰਕਟ ਹੋਰ ਗੰਭੀਰ ਹੋਇਆ ਹੈ।

ਨਿਗਰਾਨੀ ਸਮੂਹਾਂ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਡਾਰਫੁਰ ਅਤੇ ਕੋਰਡੋਫਾਨ ਵਰਗੇ ਸੋਨਾ ਪੈਦਾ ਕਰਨ ਵਾਲੇ ਖੇਤਰਾਂ ਤੋਂ ਹੋ ਰਹੀ ਸੋਨੇ ਦੀ ਤਸਕਰੀ ’ਤੇ ਵੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਮੁਤਾਬਕ ਇਸ ਤਰ੍ਹਾਂ ਦੀ ਤਸਕਰੀ ਨਾਲ ਹਥਿਆਰਬੰਦ ਧਿਰਾਂ ਨੂੰ ਵਿੱਤੀ ਸਰੋਤ ਮਿਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

LEAVE A REPLY

Please enter your comment!
Please enter your name here