ਮਾਨਸੂਨ ਦੌਰਾਨ ਨਿਕਾਸੀ ਪ੍ਰਬੰਧ ਸੁਚਾਰੂ ਬਣਾਉਣ ਲਈ ਸਫ਼ਾਈ ਨੂੰ ਦਿੱਤੀ ਜਾ ਰਹੀ ਹੈ ਪਹਿਲ- ਕਾਰਜਕਾਰੀ ਇੰਜੀਨੀਅਰ
ਕਿਹਾ,ਬਰਸਾਤੀ ਪਾਣੀ ਦੀ ਨਿਰਵਿਘਨ ਨਿਕਾਸੀ ਲਈ ਵਿਭਾਗ ਵੱਲੋਂ ਲਸਾੜਾ ਡਰੇਨ ਦੀ ਸਫਾਈ ਜੰਗੀ ਪੱਧਰ ‘ਤੇ ਕਰਵਾਈ ਜਾਵੇਗੀ
ਮਾਲੇਰਕੋਟਲਾ:
ਜਲ ਸਰੋਤ ਵਿਭਾਗ, ਪੰਜਾਬ ਦੇ ਜਲ ਨਿਕਾਸ-ਕਮ ਮਾਈਨਿੰਗ ਅਤੇ ਜਿਆਲੋਜੀ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਇੰਜ. ਨਮਨ ਜੈਨ ਨੇ ਸਪੱਸ਼ਟ ਕੀਤਾ ਹੈ ਕਿ ਮਾਲੇਰਕੋਟਲਾ ਵਿਖੇ ਪੈਂਦੀ ਅੱਪਰ ਲਿਸਾੜਾ ਡਰੇਨ ਦੀ ਸਫ਼ਾਈ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ,ਟੈਂਡਰ ਦੀਆਂ ਅਗਲੀਆਂ ਰਸਮੀ ਕਾਰਵਾਈਆਂ ਮੁਕੰਮਲ ਹੁੰਦਿਆਂ ਹੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਡਰੇਨ ਦੀ ਸਫ਼ਾਈ ਨੂੰ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਮਾਨਸੂਨ ਸੀਜ਼ਨ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਹੋ ਸਕੇ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇੰਜ. ਨਮਨ ਜੈਨ ਨੇ ਦੱਸਿਆ ਕਿ ਵਿਭਾਗ ਦਾ ਉਦੇਸ਼ ਡਰੇਨ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ‘ਤੇ ਕਰਵਾਉਂਦੇ ਹੋਏ ਇਸ ਨੂੰ ਜਲਦ ਤੋਂ ਜਲਦ ਮੁਕੰਮਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਦਾ ਕੰਮ ਸ਼ੁਰੂ ਹੋਣ ਉਪਰੰਤ ਡਰੇਨ ਵਿੱਚ ਜਮ੍ਹੀ ਗਾਦ, ਹਰੀ ਬੂਟੀ ਅਤੇ ਹੋਰ ਰੁਕਾਵਟਾਂ ਨੂੰ ਹਟਾ ਕੇ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਭਰੋਸਾ ਦਿਵਾਇਆ ਕਿ ਜਲ ਸਰੋਤ ਵਿਭਾਗ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ ਅਤੇ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਜਲ-ਭਰਾਅ ਦੀ ਸਥਿਤੀ ਤੋਂ ਬਚਾਅ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਵਿਭਾਗ ਵੱਲੋਂ ਕੰਮ ਦੀ ਨਿਰੰਤਰ ਨਿਗਰਾਨੀ ਵੀ ਕੀਤੀ ਜਾਵੇਗੀ ਤਾਂ ਜੋ ਸਫ਼ਾਈ ਦਾ ਕੰਮ ਨਿਰਧਾਰਿਤ ਸਮੇਂ ਅੰਦਰ ਅਤੇ ਮਿਆਰੀ ਢੰਗ ਨਾਲ ਮੁਕੰਮਲ ਹੋ ਸਕੇ।







