ਮੁਹਾਲੀ: ਤੁਲਸੀ ਇੱਕ ਪ੍ਰਸਿੱਧ ਘਰੇਲੂ ਅਤੇ ਔਖਧੀ ਪੌਦਾ ਹੈ, ਜੋ ਭਾਰਤ ਵਿੱਚ ਵਿਆਪਕ ਤੌਰ ’ਤੇ ਉਗਾਇਆ ਜਾਂਦਾ ਹੈ। ਵੱਖ-ਵੱਖ ਖੇਤਰਾਂ ਵਿੱਚ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਅੰਗਰੇਜ਼ੀ ਵਿੱਚ ਹੋਲੀ ਬੇਸਿਲ, ਤਮਿਲ ਵਿੱਚ ਥੁਲਸੀ, ਪੰਜਾਬੀ ਵਿੱਚ ਤੁਲਸੀ ਅਤੇ ਉਰਦੂ ਵਿੱਚ ਇਮਲੀ। ਧਾਰਮਿਕ ਮਹੱਤਤਾ ਦੇ ਨਾਲ-ਨਾਲ ਤੁਲਸੀ ਨੂੰ ਔਖਧੀ ਗੁਣਾਂ ਕਰਕੇ ਵੀ ਖਾਸ ਸਥਾਨ ਪ੍ਰਾਪਤ ਹੈ।
ਤੁਲਸੀ ਨਾਲ ਬਣੀਆਂ ਦਵਾਈਆਂ ਤਣਾਅ ਘਟਾਉਣ, ਬੁਖ਼ਾਰ, ਸੋਜ ਅਤੇ ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਵਰਤੀਆਂ ਜਾਂਦੀਆਂ ਹਨ। ਇਹ ਪੌਦਾ ਸਾਲ ਵਿੱਚ ਔਸਤਨ 2 ਤੋਂ 4 ਫੁੱਟ ਉਚਾਈ ਤੱਕ ਵਧਦਾ ਹੈ ਅਤੇ ਇਸਦੇ ਫੁੱਲ ਛੋਟੇ ਜਾਮਣੀ ਰੰਗ ਦੇ ਹੁੰਦੇ ਹਨ। ਭਾਰਤ ਦੇ ਲਗਭਗ ਹਰ ਹਿੱਸੇ ਵਿੱਚ ਮਿਲਣ ਵਾਲੀ ਤੁਲਸੀ ਮੁੱਖ ਤੌਰ ’ਤੇ ਮੱਧ ਪ੍ਰਦੇਸ਼ ਵਿੱਚ ਵਧੇਰੇ ਉਗਾਈ ਜਾਂਦੀ ਹੈ।
ਖੇਤੀ ਲਈ ਵਧੀਆ ਨਿਕਾਸ ਵਾਲੀ ਅਤੇ ਜੈਵਿਕ ਤੱਤਾਂ ਨਾਲ ਭਰਪੂਰ ਮਿੱਟੀ ਸਭ ਤੋਂ ਉਚਿਤ ਮੰਨੀ ਜਾਂਦੀ ਹੈ। ਮਿੱਟੀ ਦਾ ਪੀਐਚ 5.5 ਤੋਂ 7 ਹੋਣਾ ਚਾਹੀਦਾ ਹੈ। ਨਮਕੀਨ, ਖਾਰੀ ਜਾਂ ਪਾਣੀ ਖੜਾ ਰਹਿਣ ਵਾਲੀ ਮਿੱਟੀ ਵਿੱਚ ਤੁਲਸੀ ਦੀ ਖੇਤੀ ਤੋਂ ਬਚਣਾ ਚਾਹੀਦਾ ਹੈ।
ਤੁਲਸੀ ਦੀ ਖੇਤੀ ਲਈ ਖੇਤ ਦੀ ਤਿਆਰੀ ਦੌਰਾਨ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਚੰਗੀ ਤਰ੍ਹਾਂ ਵਾਹੀ ਕਰਨੀ ਚਾਹੀਦੀ ਹੈ ਅਤੇ ਰੂੜੀ ਦੀ ਖਾਦ ਮਿਲਾਈ ਜਾਂਦੀ ਹੈ। ਬਿਜਾਈ ਲਈ ਬੈੱਡ ਤਿਆਰ ਕਰਕੇ ਪਨੀਰੀ ਰੋਪਣ ਕੀਤੀ ਜਾਂਦੀ ਹੈ। ਫ਼ਰਵਰੀ ਮਹੀਨੇ ਵਿੱਚ ਨਰਸਰੀ ਤਿਆਰ ਕਰਨੀ ਉਚਿਤ ਰਹਿੰਦੀ ਹੈ ਅਤੇ 6–7 ਹਫ਼ਤਿਆਂ ਬਾਅਦ ਮੁੱਖ ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ।
ਪਨੀਰੀ ਦੀ ਸਾਂਭ-ਸੰਭਾਲ, ਢੁੱਕਵੀਂ ਦੂਰੀ, ਬੀਜ ਦੀ ਮਾਤਰਾ ਅਤੇ ਸਹੀ ਸਿੰਚਾਈ ਨਾਲ ਤੁਲਸੀ ਦੀ ਵਧੀਆ ਪੈਦਾਵਾਰ ਹਾਸਲ ਕੀਤੀ ਜਾ ਸਕਦੀ ਹੈ। ਖੇਤੀਬਾੜੀ ਵਿਗਿਆਨੀਆਂ ਦੇ ਅਨੁਸਾਰ, ਤੁਲਸੀ ਦੀ ਖੇਤੀ ਕਿਸਾਨਾਂ ਲਈ ਔਖਧੀ ਪੌਦਿਆਂ ਦੇ ਖੇਤਰ ਵਿੱਚ ਇੱਕ ਲਾਭਕਾਰੀ ਵਿਕਲਪ ਸਾਬਤ ਹੋ ਸਕਦੀ ਹੈ।







