ਕੁਝ ਔਰਤਾਂ ਦੀ ਸ਼ਖ਼ਸੀਅਤ ਵਿੱਚ ਅਜਿਹੀ ਖਿੱਚ ਹੁੰਦੀ ਹੈ ਕਿ ਉਹ ਜਿੱਥੇ ਵੀ ਜਾਂਦੀਆਂ ਹਨ, ਮਾਹੌਲ ਆਪਣੇ ਆਪ ਖੁਸ਼ਨੁਮਾ ਹੋ ਜਾਂਦਾ ਹੈ। ਉਨ੍ਹਾਂ ਦੀ ਖਾਸੀਅਤ ਸਿਰਫ਼ ਹੱਸਣਾ ਜਾਂ ਮਜ਼ਾਕ ਕਰਨਾ ਨਹੀਂ ਹੁੰਦੀ, ਬਲਕਿ ਉਨ੍ਹਾਂ ਦੀ ਸੋਚ ਅਤੇ ਰੋਜ਼ਾਨਾ ਦੀਆਂ ਆਦਤਾਂ ਵੀ ਉਨ੍ਹਾਂ ਨੂੰ ਖੁਸ਼ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ।
ਹਰ ਗੱਲ ਨੂੰ ਦਿਲ ’ਤੇ ਨਹੀਂ ਲੈਂਦੀਆਂ: ਖੁਸ਼ਮਿਜ਼ਾਜ਼ ਔਰਤਾਂ ਹਰ ਛੋਟੀ ਗੱਲ ਨੂੰ ਲੈ ਕੇ ਪਰੇਸ਼ਾਨ ਨਹੀਂ ਹੁੰਦੀਆਂ। ਉਹ ਜਾਣਦੀਆਂ ਹਨ ਕਿ ਹਰ ਵਿਅਕਤੀ ਦੀ ਆਪਣੀ ਸੋਚ ਹੁੰਦੀ ਹੈ, ਇਸ ਲਈ ਬੇਲੋੜੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਬਿਹਤਰ ਸਮਝਦੀਆਂ ਹਨ।
ਆਪਣੇ ਲਈ ਸਮਾਂ ਕੱਢਦੀਆਂ ਹਨ: ਘਰ ਅਤੇ ਕੰਮ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਉਹ ਆਪਣੇ ਸ਼ੌਕ ਅਤੇ ਪਸੰਦ ਦੇ ਕੰਮਾਂ ਲਈ ਵੀ ਸਮਾਂ ਕੱਢਦੀਆਂ ਹਨ। ਇਹ ਆਦਤ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਤਾਜ਼ਾ ਰੱਖਦੀ ਹੈ।
ਹੱਸਣ ਦਾ ਮੌਕਾ ਨਹੀਂ ਗੁਆਉਂਦੀਆਂ: ਉਹ ਛੋਟੀਆਂ-ਛੋਟੀਆਂ ਗੱਲਾਂ ਵਿੱਚ ਵੀ ਖੁਸ਼ੀ ਲੱਭ ਲੈਂਦੀਆਂ ਹਨ। ਦੋਸਤਾਂ ਨਾਲ ਗੱਲਬਾਤ, ਪਰਿਵਾਰ ਨਾਲ ਸਮਾਂ ਜਾਂ ਕੋਈ ਮਨਪਸੰਦ ਕੰਮ ਉਨ੍ਹਾਂ ਦੇ ਮੂਡ ਨੂੰ ਬਿਹਤਰ ਕਰ ਸਕਦਾ ਹੈ।
ਦੂਜਿਆਂ ਨਾਲ ਤੁਲਨਾ ਨਹੀਂ ਕਰਦੀਆਂ: ਉਹ ਆਪਣੀ ਜ਼ਿੰਦਗੀ ਦੀ ਤੁਲਨਾ ਹਰ ਸਮੇਂ ਦੂਜਿਆਂ ਨਾਲ ਕਰਨ ਦੀ ਬਜਾਏ ਆਪਣੀ ਤਰੱਕੀ ’ਤੇ ਧਿਆਨ ਦਿੰਦੀਆਂ ਹਨ। ਇਸ ਨਾਲ ਉਨ੍ਹਾਂ ਵਿੱਚ ਸੰਤੁਸ਼ਟੀ ਅਤੇ ਆਤਮ-ਵਿਸ਼ਵਾਸ ਬਣਿਆ ਰਹਿੰਦਾ ਹੈ।
ਮੁਸ਼ਕਲ ਸਮੇਂ ਵਿੱਚ ਵੀ ਹੌਸਲਾ ਰੱਖਦੀਆਂ ਹਨ: ਖੁਸ਼ਮਿਜ਼ਾਜ਼ ਹੋਣ ਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ ਵਿੱਚ ਸਮੱਸਿਆਵਾਂ ਨਹੀਂ ਹੁੰਦੀਆਂ। ਫਰਕ ਸਿਰਫ਼ ਇਹ ਹੈ ਕਿ ਉਹ ਮੁਸ਼ਕਲਾਂ ਤੋਂ ਬਾਅਦ ਮੁੜ ਸੰਭਲਣ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦੀਆਂ ਹਨ।
ਅਸਲ ਖੁਸ਼ੀ ਮਹਿੰਗੀਆਂ ਚੀਜ਼ਾਂ ਜਾਂ ਵੱਡੀਆਂ ਕਾਮਯਾਬੀਆਂ ਵਿੱਚ ਹੀ ਨਹੀਂ ਹੁੰਦੀ। ਸਕਾਰਾਤਮਕ ਸੋਚ, ਚੰਗੇ ਰਿਸ਼ਤੇ, ਆਪਣੇ ਲਈ ਸਮਾਂ ਅਤੇ ਛੋਟੀਆਂ ਖੁਸ਼ੀਆਂ ਦੀ ਕਦਰ ਕਰਨ ਵਾਲੀ ਆਦਤ ਜ਼ਿੰਦਗੀ ਨੂੰ ਹੋਰ ਸੁੰਦਰ ਬਣਾ ਸਕਦੀ ਹੈ।






