ਪਟਿਆਲਾ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਪਟਿਆਲਾ ਦਿਹਾਤੀ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਵਿੱਚ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂ ਜੀ ਦੇ ਉਪਦੇਸ਼ ਰਹਿੰਦੀ ਦੁਨੀਆਂ ਤੱਕ ਸਮੁੱਚੀ ਮਾਨਵਤਾ ਨੂੰ ਸਹੀ ਦਿਸ਼ਾ ਦਿਖਾਉਂਦੇ ਰਹਿਣਗੇ।
ਡਾ. ਬਲਬੀਰ ਸਿੰਘ ਗੁਰੂ ਰਵਿਦਾਸ ਮੰਦਰ ਪਿੰਡ ਲੌਟ, ਦੰਦਰਾਲਾ ਖਰੌੜ, ਸਿਉਨਾ, ਗੁਰੂ ਰਵਿਦਾਸ ਭਵਨ ਰਣਜੀਤ ਨਗਰ, ਪਿੰਡ ਝਿੱਲ, ਗੁਰਦੁਆਰਾ ਭਗਤ ਧੰਨਾ ਜੀ ਨੰਦਪੁਰ ਕੇਸੋ, ਪਿੰਡ ਬਾਰਨ ਅਤੇ ਫੈਕਟਰੀ ਏਰੀਆ ਵਿਖੇ ਸੰਗਤ ਵੱਲੋਂ ਕਰਵਾਏ ਸਮਾਗਮਾਂ ਅਤੇ ਨਗਰ ਕੀਰਤਨਾਂ ਵਿੱਚ ਸ਼ਾਮਲ ਹੋਏ। ਇਨ੍ਹਾਂ ਸਮਾਗਮਾਂ ਦੌਰਾਨ ਇਲਾਕਾ ਨਿਵਾਸੀਆਂ ਵੱਲੋਂ ਮੰਤਰੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਸਮਾਗਮਾਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਸਮਾਨਤਾ, ਭਰਾਤਰੀਭਾਵ, ਪ੍ਰੇਮ ਅਤੇ ਮਨੁੱਖਤਾ ਦੇ ਰਾਹ ‘ਤੇ ਤੁਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਸਿਰਫ਼ ਪੰਜਾਬ ਜਾਂ ਭਾਰਤ ਤੱਕ ਸੀਮਤ ਨਹੀਂ, ਸਗੋਂ ਪੂਰੀ ਦੁਨੀਆਂ ਲਈ ਮਾਰਗਦਰਸ਼ਕ ਹਨ, ਜੋ ਮਨੁੱਖ ਨੂੰ ਨੇਕੀ, ਇਮਾਨਦਾਰੀ ਅਤੇ ਨਿਸ਼ਕਾਮ ਸੇਵਾ ਵੱਲ ਪ੍ਰੇਰਿਤ ਕਰਦੀਆਂ ਹਨ।
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਤੋਂ ਪ੍ਰੇਰਨਾ ਲੈਂਦਿਆਂ ਸਮਾਜਿਕ ਭਲਾਈ ਅਤੇ ਸੇਵਾ ਦੇ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਹਰਪਾਲ ਸਿੰਘ ਵਿਰਕ, ਜਸਬੀਰ ਸਿੰਘ ਗਾਂਧੀ, ਸਰਪੰਚ ਬਲਕਾਰ ਸਿੰਘ, ਕੇਸਰ ਸਿੰਘ, ਨਸੀਬ ਸਿੰਘ, ਸੁਰਜੀਤ ਸਿੰਘ, ਤਰਸੇਮ ਸਿੰਘ ਸੋਨੀ, ਰਾਮ ਸਿੰਘ, ਗਿਆਨ ਚੰਦ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਰਹੇ।







