Tuesday, July 14, 2026
Home Patiala Updates ਆਤਮਾ ਅਮਰ ਹੈ – ਅੰਗਾਂ ਨੂੰ ਅਮਰ ਕਰੋ – ਡਾ. ਬ੍ਰਿਜੇਸ਼ ਸਿੰਘ 

ਆਤਮਾ ਅਮਰ ਹੈ – ਅੰਗਾਂ ਨੂੰ ਅਮਰ ਕਰੋ – ਡਾ. ਬ੍ਰਿਜੇਸ਼ ਸਿੰਘ 

0
4
ਸਮੂਹ ਸਟਾਫ ਅਤੇ ਮਰੀਜ਼ਾਂ ਵੱਲੋਂ ਚੁੱਕੀ ਗਈ “ਅੰਗ ਦਾਨ” ਸਹੁੰ
ਕਾਲੋ-ਮਾਜਰਾ : ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਦੀ ਯੋਗ ਅਗਵਾਈ ਹੇਠ ਸੀ.ਐਚ.ਸੀ ਕਾਲੋ ਮਾਜਰਾ ਦੇ ਸਮੂਹ ਸਟਾਫ ਅਤੇ ਮਰੀਜ਼ਾਂ ਵੱਲੋਂ ਅੰਗ ਦਾਨ ਕਰਨ ਦੀ ਸਹੁੰ ਚੁੱਕੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬ੍ਰਿਜੇ਼ਸ਼ ਸਿੰਘ ਨੇ ਦੱਸਿਆ ਕਿ ‘ਅੰਗ ਦਾਨ’ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਕਰਨ ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਅੰਗ ਦਾਨ ਸੰਬੰਧੀ ਵਧੇਰੇ ਜਾਗਰੂਕਤਾ ਲਿਆਉਣਾ ਅਤੇ ਉਨ੍ਹਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਜਾਗਰੂਕਤਾ ਦੀ ਘਾਟ ਕਾਰਨ ਅੰਗ ਦਾਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਮਿੱਥ ਅਤੇ ਕਈ ਤਰ੍ਹਾਂ ਦੇ ਡਰ ਹਨ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ “ਆਤਮਾ ਅਮਰ ਹੈ – ਅੰਗਾਂ ਨੂੰ ਅਮਰ ਕਰੋ” ਦਾ ਸੁਨੇਹਾ ਦਿੰਦਿਆਂ ਵੱਧ ਤੋਂ ਵੱਧ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਅਮਰਜੀਤ ਸਿੰਘ ਨੇ ਹਸਪਤਾਲ ਵਿੱਚ ਹਾਜ਼ਰ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੈਬ ਪੋਰਟਲ https://notto.mohfw.gov.in ‘ਤੇ ਡਿਜੀਟਲ ਸਹੁੰ ਚੁੱਕੀ ਜਾ ਸਕਦੀ ਹੈ। ਇਹ ਇੱਕ ਸਵੈ-ਇੱਛਤ ਗਤੀਵਿਧੀ ਹੈ, ਸਾਨੂੰ ਇਸ ਬਾਰੇ ਜਾਗਰੂਕਤਾ ਪੈਦਾ ਕਰਕੇ ਅੰਗ ਦਾਨ ਨੂੰ ਉਤਸਾਹਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਲਿੰਕ ਨੂੰ ਵਟਸਐਪ ਸਮੂਹਾਂ ਰਾਹੀਂ ਵੱਖ-ਵੱਖ ਸਿਹਤ ਸੰਭਾਲ ਸਹੂਲਤਾਂ ਵਿੱਚ ਕੰਮ ਕਰਨ ਵਾਲੇ ਸਾਰੇ ਸਟਾਫ ਨਾਲ ਸਾਂਝਾ ਕਰਕੇ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਿਲ, ਜਿਗਰ, ਗੁਰਦੇ, ਪ੍ਰੈਨਕ੍ਰੀਅਸ, ਫੇਫੜੇ ਅਤੇ ਅੱਖਾਂ ਦਾਨ ਕਰਨ ਤਾਂ ਜੋ ਲੋੜਵੰਦ ਲੋਕਾਂ ਦੀ ਜ਼ਿੰਦਗੀ ਦਾ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਦਾਨ ਕੀਤੇ ਸਿਹਤਮੰਦ ਅੰਗਾਂ ਨੂੰ ਲੋੜਵੰਦ ਵਿਅਕਤੀ ਵਿੱਚ ਟ੍ਰਾਂਸਪਲਾਂਟ ਕਰਕੇ ਉਸ ਦਾ ਜੀਵਨ ਬਚਾਅ ਸਕਦੇ ਹਾਂ।
ਇਸ ਮੌਕੇ ਬੀ.ਈ.ਈ ਮੋਨਿਕਾ ਨੇ ਸਮੂਹ ਆਸ਼ਾ ਵਰਕਰਾਂ ਰਾਹੀਂ ਅੰਗ ਦਾਨ ਸੰਬੰਧੀ ਜ਼ਮੀਨੀ ਪੱਧਰ ਤੇ ਵੱਧ ਤੋਂ ਵੱਧ ਜਾਗਰੂਕਤਾ ਲਿਆਉਣ ਲਈ ਕਿਹਾ ਤਾਂ ਜੋ ਆਮ ਲੋਕ ਆਪ ਅੱਗੇ ਆ ਕੇ ਸਿਹਤ ਵਿਭਾਗ ਨੂੰ ਸਹਿਯੋਗ ਦਿੰਦਿਆਂ ਹੋਇਆਂ ਅੰਗ ਦਾਨ ਕਰਨ।

LEAVE A REPLY

Please enter your comment!
Please enter your name here