ਜ਼ਿਲ੍ਹਾ ਮਾਲੇਰਕੋਟਲਾ ਨਾਲ ਸਬੰਧਤ ਐਨ.ਆਰ.ਆਈਜ਼ ਨੂੰ ਸ਼ਮੂਲੀਅਤ ਕਰਨ ਦੀ ਅਪੀਲ
ਮਾਲੇਰਕੋਟਲਾ: ਪੰਜਾਬ ਸਰਕਾਰ ਵੱਲੋਂ 22 ਜੁਲਾਈ 2026 ਨੂੰ ਲੁਧਿਆਣਾ ਵਿਖੇ ਐਨ.ਆਰ.ਆਈ. ਮਿਲਣੀ ਦਾ ਆਯੋਜਨ ਸੋਹਨ ਲਾਲ ਪਾਹਵਾ ਆਡੀਟੋਰੀਅਮ ਗੁਰੂ ਨਾਨਕ ਭਵਨ, ਫਿਰੋਜ਼ਪੁਰ ਰੋਡ ਨੇੜੇ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ। ਇਹ ਮਿਲਣੀ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਦੀ ਅਗਵਾਈ ਹੇਠ ਕਰਵਾਈ ਜਾਵੇਗੀ, ਜਿਸ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਨਾਲ ਸਬੰਧਤ ਐਨ.ਆਰ.ਆਈ. ਵੀ ਸ਼ਮੂਲੀਅਤ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਅਤੇ ਗੈਰ-ਨਿਵਾਸੀ ਭਾਰਤੀਆਂ (ਐਨ.ਆਰ.ਆਈਜ਼) ਨੂੰ ਦਰਪੇਸ਼ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਹੱਲ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਲਣੀ ਦੌਰਾਨ ਐਨ.ਆਰ.ਆਈ. ਆਪਣੀਆਂ ਸ਼ਿਕਾਇਤਾਂ, ਮੁਸ਼ਕਲਾਂ ਅਤੇ ਸੁਝਾਅ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਸਾਹਮਣੇ ਸਿੱਧੇ ਤੌਰ ‘ਤੇ ਰੱਖ ਸਕਣਗੇ, ਤਾਂ ਜੋ ਉਨ੍ਹਾਂ ਦਾ ਤੁਰੰਤ ਅਤੇ ਪਾਰਦਰਸ਼ੀ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਐਨ.ਆਰ.ਆਈ. ਮਿਲਣੀ ਦਾ ਮੁੱਖ ਉਦੇਸ਼ ਐਨ.ਆਰ.ਆਈ. ਭਾਈਚਾਰੇ ਅਤੇ ਸਰਕਾਰ ਵਿਚਾਲੇ ਬਿਹਤਰ ਤਾਲਮੇਲ ਸਥਾਪਤ ਕਰਨਾ, ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਪ੍ਰਭਾਵਸ਼ਾਲੀ ਨਿਪਟਾਰਾ ਕਰਨਾ ਅਤੇ ਮੌਜੂਦਾ ਸੰਸਥਾਗਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮਾਲੇਰਕੋਟਲਾ ਨਾਲ ਸਬੰਧਤ ਸਮੂਹ ਐਨ.ਆਰ.ਆਈਜ਼ ਨੂੰ ਅਪੀਲ ਕੀਤੀ ਕਿ ਉਹ 22 ਜੁਲਾਈ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਇਸ ਮਿਲਣੀ ਵਿੱਚ ਸ਼ਾਮਲ ਹੋ ਕੇ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਅਤੇ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਇਸ ਮੰਚ ਦਾ ਵੱਧ ਤੋਂ ਵੱਧ ਲਾਭ ਉਠਾਉਣ।







