ਜਗਰਾਉਂ (ਮੋਗਾ): ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਹਲਕਾ ਜਗਰਾਉਂ ਦੇ ਕਿਸਾਨਾਂ ਲਈ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਪਿੰਡ ਅਖਾੜਾ ਵਿੱਚ ਖਾਲਾਂ ਦੀ ਕਾਇਆ-ਕਲਪ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰਵਾਇਆ ਜਾ ਰਿਹਾ ਹੈ।
ਇਸ ਪ੍ਰੋਜੈਕਟ ਨਾਲ ਪਿਛਲੇ ਲੰਬੇ ਸਮੇਂ ਤੋਂ ਨਹਿਰੀ ਪਾਣੀ ਤੋਂ ਵਾਂਝੇ ਰਕਬੇ ਨੂੰ ਮੁੜ ਸਿੰਚਾਈ ਹੇਠ ਲਿਆ ਕੇ ਕਿਸਾਨਾਂ ਦੀ ਫਸਲਾਂ ਅਤੇ ਪਾਣੀ ਦੀ ਸਪਲਾਈ ਸੁਨਿਸ਼ਚਿਤ ਕੀਤੀ ਜਾਵੇਗੀ।
ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਘਾ ਬੁਰਜੀ ਨੰ. 3110/ਖੱਬਾ ਅਤੇ 9370/ਖੱਬਾ ਆਫ ਅਖਾੜਾ ਡਿਸਟੀ (ਪਿੰਡ ਅਖਾੜਾ) ਵਿਖੇ ਖਾਲ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹਨਾਂ ਖਾਲਾਂ ਨੂੰ ਪੱਕਾ ਕਰਨ ਲਈ ਸਰਕਾਰ ਵੱਲੋਂ ਲਗਭਗ 345.0 ਲੱਖ ਰੁਪਏ (3.45 ਕਰੋੜ) ਖਰਚ ਕੀਤੇ ਜਾਣਗੇ। ਖਾਲਾਂ ਦੀ ਕੁੱਲ ਲੰਬਾਈ 17.0 ਕਿਲੋਮੀਟਰ ਹੋਵੇਗੀ।
ਵਿਧਾਇਕਾ ਨੇ ਕਿਹਾ ਕਿ ਇਹ ਪ੍ਰੋਜੈਕਟ ਪਿੰਡ ਅਖਾੜਾ ਦੇ ਕਿਸਾਨਾਂ ਲਈ ਪਾਣੀ ਦੀ ਉਪਲਬਧਤਾ ਵਧਾਉਣ, ਖੇਤੀਬਾੜੀ ਦਾ ਰਕਬਾ ਵਧਾਉਣ ਅਤੇ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਵਾਉਣ ਲਈ ਜ਼ਮੀਨੀ ਪੱਧਰ ‘ਤੇ ਨਿਗਰਾਨੀ ਕਰ ਰਹੀ ਹੈ।
ਇਸ ਪ੍ਰੋਜੈਕਟ ਦੀ ਸ਼ੁਰੂਆਤ ਨਾਲ ਪਿੰਡ ਅਖਾੜਾ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਕਿਸਾਨਾਂ ਲਈ ਖੇਤੀਬਾੜੀ ਦੀ ਸਥਿਤੀ ਸੁਧਾਰਨ ਦੀ ਉਮੀਦ ਹੈ।







