Wednesday, July 22, 2026
Home Punjab ਪੰਜਾਬ ਸਿੱਖਿਆ ਕ੍ਰਾਂਤੀ ਦੀ ਵੱਡੀ ਕਾਮਯਾਬੀ: ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ...

ਪੰਜਾਬ ਸਿੱਖਿਆ ਕ੍ਰਾਂਤੀ ਦੀ ਵੱਡੀ ਕਾਮਯਾਬੀ: ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਜੇਈਈ ਐਡਵਾਂਸਡ 2026 ਕੀਤਾ ਪਾਸ

0
18

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਨੇ ਇੱਕ ਹੋਰ ਇਤਿਹਾਸਕ ਪ੍ਰਾਪਤੀ ਹਾਸਲ ਕਰਦਿਆਂ ਜੇਈਈ ਐਡਵਾਂਸਡ 2026 ਵਿੱਚ ਸ਼ਾਨਦਾਰ ਨਤੀਜੇ ਦਰਜ ਕੀਤੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਦੇਸ਼ ਦੀ ਸਭ ਤੋਂ ਔਖੀ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇਈਈ ਐਡਵਾਂਸਡ ਪਾਸ ਕੀਤੀ ਹੈ। ਇਹ ਗਿਣਤੀ ਪਿਛਲੇ ਸਾਲ ਦੇ 44 ਸਫਲ ਵਿਦਿਆਰਥੀਆਂ ਦੇ ਮੁਕਾਬਲੇ 34 ਫੀਸਦੀ ਵੱਧ ਹੈ।

ਸਿੱਖਿਆ ਮੰਤਰੀ ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ “ਪੰਜਾਬ ਸਿੱਖਿਆ ਕ੍ਰਾਂਤੀ” ਦੀ ਸਫਲਤਾ ਦਾ ਪ੍ਰਤੱਖ ਸਬੂਤ ਹਨ।

ਜ਼ਿਲ੍ਹਾਵਾਰ ਨਤੀਜਿਆਂ ਅਨੁਸਾਰ, ਪਟਿਆਲਾ 11 ਸਫਲ ਵਿਦਿਆਰਥੀਆਂ ਨਾਲ ਪਹਿਲੇ ਸਥਾਨ ’ਤੇ ਰਿਹਾ। ਇਸ ਤੋਂ ਬਾਅਦ ਸੰਗਰੂਰ ਦੇ 7 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਲੁਧਿਆਣਾ, ਫਿਰੋਜ਼ਪੁਰ ਅਤੇ ਐਸਏਐਸ ਨਗਰ ਤੋਂ 6-6 ਵਿਦਿਆਰਥੀ ਸਫਲ ਰਹੇ। ਫਤਹਿਗੜ੍ਹ ਸਾਹਿਬ ਤੋਂ 5, ਜਦਕਿ ਅੰਮ੍ਰਿਤਸਰ ਅਤੇ ਜਲੰਧਰ ਤੋਂ 4-4 ਵਿਦਿਆਰਥੀਆਂ ਨੇ ਜੇਈਈ ਐਡਵਾਂਸਡ ਪਾਸ ਕੀਤਾ। ਇਸ ਤੋਂ ਇਲਾਵਾ ਬਠਿੰਡਾ ਅਤੇ ਗੁਰਦਾਸਪੁਰ ਦੇ 3-3, ਫਾਜ਼ਿਲਕਾ ਦੇ 2 ਅਤੇ ਰੂਪਨਗਰ ਤੇ ਹੁਸ਼ਿਆਰਪੁਰ ਦੇ ਇੱਕ-ਇੱਕ ਵਿਦਿਆਰਥੀ ਨੇ ਸਫਲਤਾ ਹਾਸਲ ਕੀਤੀ।

ਸ. ਬੈਂਸ ਨੇ ਕਿਹਾ ਕਿ ਇਹ ਕੋਈ ਇਤਫ਼ਾਕ ਨਹੀਂ, ਸਗੋਂ ਯੋਜਨਾਬੱਧ ਢੰਗ ਨਾਲ ਕੀਤੇ ਗਏ ਸੁਧਾਰਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡਾਂ ਦੇ ਬੱਚੇ ਵੀ ਬਿਨਾਂ ਮਹਿੰਗੀ ਕੋਚਿੰਗ ਦੇ ਦੇਸ਼ ਦੀਆਂ ਸਭ ਤੋਂ ਔਖੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੇਈਈ ਅਤੇ ਨੀਟ ਲਈ ਮੁਫ਼ਤ ਕੋਚਿੰਗ, ਮੌਕ ਟੈਸਟ, ਉੱਚ ਪੱਧਰੀ ਬੁਨਿਆਦੀ ਢਾਂਚਾ ਅਤੇ ਮਾਹਿਰਾਂ ਦੀ ਸਲਾਹ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦਾ ਨਤੀਜਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਦੇਸ਼ ਦੇ ਬਿਹਤਰੀਨ ਵਿਦਿਆਰਥੀਆਂ ਨਾਲ ਮੁਕਾਬਲਾ ਕਰ ਰਹੇ ਹਨ।

ਸਿੱਖਿਆ ਮੰਤਰੀ ਨੇ ਕੁਝ ਪ੍ਰੇਰਣਾਦਾਇਕ ਵਿਦਿਆਰਥੀਆਂ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ। ਪ੍ਰਿਆ ਭਾਰਦਵਾਜ, ਜੋ ਸਕੂਲ ਆਫ਼ ਐਮੀਨੈਂਸ ਭਾਗਪੁਰ ਸਤੌਰ ਦੀ ਵਿਦਿਆਰਥਣ ਹੈ, ਨੇ ਪਿਤਾ ਦੇ ਦੇਹਾਂਤ ਅਤੇ ਸੀਮਤ ਆਰਥਿਕ ਸਾਧਨਾਂ ਦੇ ਬਾਵਜੂਦ ਜੇਈਈ ਐਡਵਾਂਸਡ ਪਾਸ ਕੀਤਾ। ਉਸ ਦੀ ਮਾਤਾ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ।

ਇਸੇ ਤਰ੍ਹਾਂ ਪ੍ਰਭਜੋਤ ਸਿੰਘ, ਸਕੂਲ ਆਫ਼ ਐਮੀਨੈਂਸ ਮੁੱਲਾਂਪੁਰ ਦਾ ਵਿਦਿਆਰਥੀ, ਮਜ਼ਦੂਰ ਪਿਤਾ ਅਤੇ ਘਰੇਲੂ ਮਾਤਾ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪੰਜਾਬ ਸਰਕਾਰ ਦੀ ਅਕਾਦਮਿਕ ਸਹਾਇਤਾ ਅਤੇ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਨਾਲ ਉਸ ਨੇ ਇਹ ਸਫਲਤਾ ਹਾਸਲ ਕੀਤੀ।

ਹਰਸ਼ ਮਾਧਵ, ਸਕੂਲ ਆਫ਼ ਐਮੀਨੈਂਸ ਅਮਲੋਹ ਦਾ ਵਿਦਿਆਰਥੀ, ਜਿਸ ਦੇ ਪਿਤਾ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਹਨ, ਨੇ ਵੀ ਸਰਕਾਰੀ ਮੁਫ਼ਤ ਕੋਚਿੰਗ ਅਤੇ ਮੌਕ ਟੈਸਟਾਂ ਦੀ ਮਦਦ ਨਾਲ ਜੇਈਈ ਐਡਵਾਂਸਡ ਪਾਸ ਕੀਤਾ। ਹੁਣ ਉਹ ਆਈਆਈਟੀ ਵਿੱਚ ਦਾਖਲਾ ਲੈ ਕੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨਾ ਚਾਹੁੰਦਾ ਹੈ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਫਲਤਾ ਸਿਰਫ਼ ਇੱਕ ਪ੍ਰੀਖਿਆ ਦਾ ਨਤੀਜਾ ਨਹੀਂ, ਸਗੋਂ ਇਸ ਗੱਲ ਦਾ ਸਬੂਤ ਹੈ ਕਿ ਸਹੀ ਸਮੇਂ ’ਤੇ ਮਿਲੇ ਵਿਦਿਅਕ ਮੌਕੇ ਅਤੇ ਸਰਕਾਰੀ ਸਹਾਇਤਾ ਕਿਸ ਤਰ੍ਹਾਂ ਵਿਦਿਆਰਥੀਆਂ ਦੀ ਜ਼ਿੰਦਗੀ ਬਦਲ ਸਕਦੇ ਹਨ।

LEAVE A REPLY

Please enter your comment!
Please enter your name here