ਪਲਵਲ: ਹਰਿਆਣਾ ਦੇ ਕੁੰਡਲੀ-ਮਾਨਸਰ-ਪਲਵਲ (KMP) ਐਕਸਪ੍ਰੈੱਸਵੇਅ ’ਤੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 6 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 15 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਲੋਕ ਰਾਜਸਥਾਨ ਦੇ ਖਾਟੂ ਸ਼ਿਆਮ ਮੰਦਰ ਤੋਂ ਦਰਸ਼ਨ ਕਰਕੇ ਉੱਤਰ ਪ੍ਰਦੇਸ਼ ਵਾਪਸ ਪਰਤ ਰਹੇ ਸਨ।
ਜਾਣਕਾਰੀ ਮੁਤਾਬਕ ਸ਼ਰਧਾਲੂਆਂ ਨਾਲ ਭਰੀ ਇੱਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਐਕਸਪ੍ਰੈੱਸਵੇਅ ਦੇ ਕਿਨਾਰੇ ਖੜ੍ਹੇ ਟਰੱਕ ਨਾਲ ਪਿੱਛੋਂ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਅਤੇ ਟਰੱਕ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ NHAI ਦੀਆਂ ਰਾਹਤ ਟੀਮਾਂ ਮੌਕੇ ’ਤੇ ਪਹੁੰਚੀਆਂ। ਰਾਹਤ ਕਰਮਚਾਰੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਪਿਕਅੱਪ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਤੁਰੰਤ ਨੇੜਲੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਐਕਸਪ੍ਰੈੱਸਵੇਅ ਦੇ ਕਿਨਾਰੇ ਖੜ੍ਹੇ ਟਰੱਕ ਦਾ ਸਮੇਂ ਸਿਰ ਅੰਦਾਜ਼ਾ ਨਾ ਲੱਗਣ ਜਾਂ ਪਿਕਅੱਪ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਹਾਲਾਂਕਿ, ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗੀ।
ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ। ਸਾਰੇ ਪੀੜਤ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।






