Google search engine
HomeHealth & Fitnessਸੁਹੰਜਣਾ: ਕੁਦਰਤ ਦਾ ਮੁਫ਼ਤ ਮਲਟੀਵਿਟਾਮਿਨ, ਸਿਹਤ ਲਈ ਅਣਮੁੱਲਾ ਤੋਹਫ਼ਾ

ਸੁਹੰਜਣਾ: ਕੁਦਰਤ ਦਾ ਮੁਫ਼ਤ ਮਲਟੀਵਿਟਾਮਿਨ, ਸਿਹਤ ਲਈ ਅਣਮੁੱਲਾ ਤੋਹਫ਼ਾ

ਮੋਰਿੰਗਾ ਓਲੀਫੇਰਾ, ਜਿਸ ਨੂੰ ਪੰਜਾਬੀ ਵਿੱਚ ਸੁਹੰਜਣਾ, ਹਿੰਦੀ ਵਿੱਚ ਸਹਿਜਨਾ, ਸੁਜਾਨਾ, ਸੇਂਜਨ ਅਤੇ ਮੁੰਗਾ ਕਿਹਾ ਜਾਂਦਾ ਹੈ, ਅੱਜਕੱਲ੍ਹ ਦੁਨੀਆ ਭਰ ਵਿੱਚ ਆਪਣੀਆਂ ਅਦਭੁਤ ਔਸ਼ਧੀ ਖੂਬੀਆਂ ਕਰਕੇ ਚਰਚਾ ਵਿੱਚ ਹੈ। ਅੰਗਰੇਜ਼ੀ ਵਿੱਚ ਇਸ ਨੂੰ ‘ਡਰਮਸਟਿਕ ਟ੍ਰੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਤੇਜ਼ੀ ਨਾਲ ਵਧਣ ਵਾਲਾ ਰੁੱਖ ਹੈ, ਜਿਸ ਦੇ ਲਗਭਗ ਸਾਰੇ ਹਿੱਸੇ ਮਨੁੱਖੀ ਸਿਹਤ ਲਈ ਲਾਭਦਾਇਕ ਮੰਨੇ ਜਾਂਦੇ ਹਨ।

ਪੰਜਾਬ ਵਿੱਚ ਸੁਹੰਜਣਾ ਦੇ ਰੁੱਖਾਂ ਦਾ ਪ੍ਰਚਾਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਕਈ ਥਾਵਾਂ ’ਤੇ ਇਸ ਨੇ ਕਿੱਕਰਾਂ ਦੀ ਜਗ੍ਹਾ ਵੀ ਲੈ ਲਈ ਹੈ। ਲੋਕ ਇਸ ਦੇ ਪੱਤਿਆਂ, ਫਲੀਆਂ ਅਤੇ ਫੁੱਲਾਂ ਨੂੰ ਆਪਣੇ ਰੋਜ਼ਾਨਾ ਭੋਜਨ ਵਿੱਚ ਸ਼ਾਮਲ ਕਰ ਰਹੇ ਹਨ। ਪੱਤਿਆਂ ਤੋਂ ਰੋਟੀ, ਪਰਾਠੇ ਬਣਾਏ ਜਾਂਦੇ ਹਨ, ਫਲੀਆਂ ਦੀ ਸਬਜ਼ੀ ਅਤੇ ਅਚਾਰ ਤਿਆਰ ਕੀਤਾ ਜਾਂਦਾ ਹੈ, ਜਦਕਿ ਪੱਤਿਆਂ ਨੂੰ ਸੁਕਾ ਕੇ ਪਾਊਡਰ ਵੀ ਬਣਾਇਆ ਜਾਂਦਾ ਹੈ।

ਸੁਹੰਜਣਾ ਦਾ ਰੁੱਖ ਲਗਭਗ 10 ਮੀਟਰ ਉੱਚਾ ਹੋ ਸਕਦਾ ਹੈ, ਪਰ ਵਧੀਆ ਉਪਜ ਲਈ ਇਸ ਨੂੰ ਹਰ ਸਾਲ 1.5 ਤੋਂ 2 ਮੀਟਰ ਉਚਾਈ ’ਤੇ ਕੱਟਿਆ ਜਾਂਦਾ ਹੈ, ਤਾਂ ਜੋ ਫਲ, ਫੁੱਲ ਅਤੇ ਪੱਤਿਆਂ ਤੱਕ ਆਸਾਨੀ ਨਾਲ ਪਹੁੰਚ ਹੋ ਸਕੇ। ਇਸ ਦੀਆਂ ਕੱਚੀਆਂ ਹਰੀਆਂ ਫਲੀਆਂ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਹਨ।

ਮਾਹਰਾਂ ਅਨੁਸਾਰ ਸੁਹੰਜਣਾ ਦੇ ਪੱਤੇ, ਫੁੱਲ, ਫਲ, ਬੀਜ, ਸੱਕ, ਜੜ੍ਹ ਅਤੇ ਬੀਜਾਂ ਤੋਂ ਨਿਕਲਣ ਵਾਲਾ ਤੇਲ—ਸਭ ਹੀ ਸਿਹਤ ਲਈ ਫਾਇਦੇਮੰਦ ਹਨ। ਕਈ ਦੇਸ਼ਾਂ ਵਿੱਚ ਇਸ ਦੇ ਫੁੱਲ ਪਕਾ ਕੇ ਖਾਧੇ ਜਾਂਦੇ ਹਨ, ਜਿਨ੍ਹਾਂ ਦਾ ਸਵਾਦ ਖੁੰਬ ਵਰਗਾ ਹੁੰਦਾ ਹੈ। ਦੱਖਣੀ ਭਾਰਤ ਦੇ ਪਕਵਾਨਾਂ ਵਿੱਚ ਇਸ ਦੀ ਖਾਸ ਵਰਤੋਂ ਹੁੰਦੀ ਹੈ, ਜਦਕਿ ਕਈ ਥਾਵਾਂ ’ਤੇ ਇਸ ਤੋਂ ਰਵਾਇਤੀ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ।

ਸੁਹੰਜਣਾ ਨੂੰ 300 ਤੋਂ ਵੱਧ ਬਿਮਾਰੀਆਂ ਦੀ ਰੋਕਥਾਮ ਵਾਲਾ ਰੁੱਖ ਮੰਨਿਆ ਜਾਂਦਾ ਹੈ। ਇਸ ਵਿੱਚ 90 ਤਰ੍ਹਾਂ ਦੇ ਮਲਟੀਵਿਟਾਮਿਨ, 45 ਤਰ੍ਹਾਂ ਦੇ ਐਂਟੀਆਕਸੀਡੈਂਟ, 35 ਤਰ੍ਹਾਂ ਦੇ ਦਰਦ ਨਿਵਾਰਕ ਗੁਣ ਅਤੇ 17 ਅਮੀਨੋ ਐਸਿਡ ਪਾਏ ਜਾਂਦੇ ਹਨ। ਇਹ ਵਿਟਾਮਿਨ ਸੀ ਅਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ, ਜੋ ਇਮਿਊਨਿਟੀ ਵਧਾਉਣ, ਦਿਲ ਦੀ ਸਿਹਤ ਸੁਧਾਰਨ ਅਤੇ ਕੋਲੈਸਟ੍ਰੋਲ ਘਟਾਉਣ ਵਿੱਚ ਮਦਦ ਕਰਦਾ ਹੈ।

ਇਸ ਦੇ ਨਾਲ ਹੀ, ਸੁਹੰਜਣਾ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਖਣਿਜਾਂ ਨਾਲ ਭਰਪੂਰ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਵਿੱਚ ਮੌਜੂਦ ਐਂਟੀ-ਡਾਇਬੀਟਿਕ ਗੁਣ ਸ਼ੂਗਰ ਨੂੰ ਕਾਬੂ ਕਰਨ ਵਿੱਚ ਮਦਦਗਾਰ ਹਨ, ਜਦਕਿ ਫਾਈਬਰ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਚਮੜੀ ਅਤੇ ਵਾਲਾਂ ਦੀ ਸਿਹਤ ਲਈ ਵੀ ਇਹ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ।

ਸਿਹਤ ਵਿਸ਼ੇਸ਼ਗਿਆਨ ਦਾ ਕਹਿਣਾ ਹੈ ਕਿ ਡਰਮਸਟਿਕ ਵਿੱਚ ਪਾਏ ਜਾਣ ਵਾਲੇ ਕਲੋਰੋਜੈਨਿਕ ਐਸਿਡ ਅਤੇ ਮੋਟਾਪਾ ਵਿਰੋਧੀ ਗੁਣ ਭਾਰ ਘਟਾਉਣ ਵਿੱਚ ਵੀ ਸਹਾਇਕ ਹਨ। ਸੁਹੰਜਣਾ ਨੂੰ ਅਕਸਰ ‘ਗਰੀਬਾਂ ਦਾ ਮੁਫ਼ਤ ਮਲਟੀਵਿਟਾਮਿਨ’ ਵੀ ਕਿਹਾ ਜਾਂਦਾ ਹੈ।

ਹਾਲਾਂਕਿ, ਇਨ੍ਹਾਂ ਬੇਅੰਤ ਫਾਇਦਿਆਂ ਦੇ ਬਾਵਜੂਦ ਆਧੁਨਿਕ ਮਨੁੱਖ ਬਣੀਆਂ-ਬਣਾਈਆਂ ਦਵਾਈਆਂ ’ਤੇ ਵੱਧ ਨਿਰਭਰ ਹੋ ਗਿਆ ਹੈ ਅਤੇ ਕੁਦਰਤ ਦੇ ਇਸ ਅਣਮੁੱਲੇ ਤੋਹਫ਼ੇ ਤੋਂ ਲਾਭ ਲੈਣਾ ਭੁੱਲਦਾ ਜਾ ਰਿਹਾ ਹੈ। ਜ਼ਰੂਰਤ ਹੈ ਕਿ ਅਸੀਂ ਆਪਣੇ ਆਸ-ਪਾਸ ਖੜ੍ਹੇ ਸੁਹੰਜਣਾ ਵਰਗੇ ਰੁੱਖਾਂ ਦੀ ਮਹੱਤਤਾ ਨੂੰ ਸਮਝੀਏ ਅਤੇ ਉਨ੍ਹਾਂ ਨੂੰ ਆਪਣੀ ਰੋਜ਼ਮਰ੍ਹਾ ਜ਼ਿੰਦਗੀ ਦਾ ਹਿੱਸਾ ਬਣਾਈਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments