Sunday, July 19, 2026
Home Punjab ਤਰਨ ਤਾਰਨ ਦੇ ਲਾਅ ਕਾਲਜ ਵਿੱਚ ਦਿਨ-ਦਿਹਾੜੇ ਗੋਲੀਬਾਰੀ, ਲੜਕੀ ਦਾ ਕਤਲ ਕਰਕੇ...

ਤਰਨ ਤਾਰਨ ਦੇ ਲਾਅ ਕਾਲਜ ਵਿੱਚ ਦਿਨ-ਦਿਹਾੜੇ ਗੋਲੀਬਾਰੀ, ਲੜਕੀ ਦਾ ਕਤਲ ਕਰਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

0
50

ਤਰਨ ਤਾਰਨ: ਤਰਨ ਤਾਰਨ ਜ਼ਿਲ੍ਹੇ ਦੇ ਉਸਮਾ ਪਿੰਡ ਵਿੱਚ ਸਥਿਤ ਲਾਅ ਕਾਲਜ ਵਿੱਚ ਅੱਜ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਕਾਲਜ ਕੈਂਪਸ ਦੇ ਅੰਦਰ ਹੀ ਇੱਕ ਨੌਜਵਾਨ ਨੇ ਇੱਕ ਲੜਕੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਹਮਲਾਵਰ ਨੌਜਵਾਨ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮ੍ਰਿਤਕਾਂ ਦੀ ਪਛਾਣ ਸੰਦੀਪ ਕੌਰ ਅਤੇ ਪ੍ਰਿੰਸ ਰਾਜ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਾਲਜ ਦੇ ਅੰਦਰ ਹੀ ਵਾਪਰੀ, ਜਿੱਥੇ ਨੌਜਵਾਨ ਨੇ ਅਚਾਨਕ ਲੜਕੀ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕਾਲਜ ਵਿੱਚ ਮੌਜੂਦ ਵਿਦਿਆਰਥੀਆਂ ਅਤੇ ਸਟਾਫ ਵਿੱਚ ਭਗਦੜ ਮਚ ਗਈ।

ਲੜਕੀ ਨੂੰ ਗੋਲੀਆਂ ਮਾਰਨ ਤੋਂ ਬਾਅਦ ਹਮਲਾਵਰ ਨੌਜਵਾਨ ਨੇ ਵੀ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਵੱਲੋਂ ਦੋਵਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਹੈ। ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕਰਕੇ ਘਟਨਾ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਾਲਜ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਵਾਰਦਾਤ ਦੇ ਅਸਲ ਕਾਰਨਾਂ ਅਤੇ ਪਿਛੋਕੜ ਦਾ ਪਤਾ ਲਗਾਇਆ ਜਾ ਸਕੇ।

ਦਿਨ-ਦਿਹਾੜੇ ਕਾਲਜ ਕੈਂਪਸ ਦੇ ਅੰਦਰ ਹੋਈ ਇਸ ਗੰਭੀਰ ਘਟਨਾ ਨੇ ਸਿੱਖਿਆ ਸੰਸਥਾਵਾਂ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਭਾਰੀ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here