ਸਵੈ ਸਹਾਇਤਾ ਗਰੁੱਪਾਂ ਦੇ ਉਤਪਾਦਾਂ ਦੀ ਇੱਕ ਬ੍ਰਾਂਡ ਹੇਠ ਹੋਵੇਗੀ ਬ੍ਰਾਂਡਿੰਗ, ਡਿਜੀਟਲ ਅਤੇ ਸੋਸ਼ਲ ਮੀਡੀਆ ਰਾਹੀਂ ਕੀਤਾ ਜਾਵੇਗਾ ਪ੍ਰਚਾਰ
ਮਹਿਲਾ ਸਸ਼ਕਤੀਕਰਨ ਅਤੇ ਸਵੈ-ਰੋਜ਼ਗਾਰ ਨੂੰ ਮਿਲੇਗਾ ਹੁਲਾਰਾ, ਸਵੈ ਸਹਾਇਤਾ ਗਰੁੱਪਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਨਿਵੇਕਲਾ ਉਪਰਾਲਾ
ਮਾਲੇਰਕੋਟਲਾ :
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐੱਸ.ਆਰ.ਐੱਲ.ਐੱਮ.) ਅਧੀਨ ਸਵੈ ਸਹਾਇਤਾ ਗਰੁੱਪਾਂ ਦੀ ਪ੍ਰਗਤੀ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ ਦੀ ਮਾਰਕੀਟਿੰਗ ਸਬੰਧੀ ਇੱਕ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਸਹਾਇਕ ਕਮਿਸ਼ਨਰ ਮਨਦੀਪ ਕੌਰ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਵੱਖ-ਵੱਖ ਸਵੈ ਸਹਾਇਤਾ ਗਰੁੱਪਾਂ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ ਨੂੰ ਇੱਕ ਸਾਂਝੇ ਪਲੇਟਫਾਰਮ ’ਤੇ ਇਕੱਤਰ ਕਰਕੇ ਇੱਕ ਵਿਸ਼ੇਸ਼ ਬ੍ਰਾਂਡ ਹੇਠ ਨਵੀਂ ਅਤੇ ਸੰਗਠਿਤ ਪਛਾਣ ਦਿੱਤੀ ਜਾਵੇ। ਤਿੜਕੇ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦ ਹੀ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਵਿਖੇ ਸਵੈ ਸਹਾਇਤਾ ਗਰੁੱਪਾਂ ਦੇ ਉਤਪਾਦਾਂ ਦੀ ਵਿਕਰੀ ਅਤੇ ਪ੍ਰਦਰਸ਼ਨੀ ਲਈ ਇੱਕ ਵਿਸ਼ੇਸ਼ ਕਿਓਸਕ ਸਥਾਪਿਤ ਕੀਤਾ ਜਾਵੇਗਾ। ਇਸ ਕਿਓਸਕ ਰਾਹੀਂ ਆਮ ਲੋਕਾਂ ਨੂੰ ਸਥਾਨਕ ਮਹਿਲਾਵਾਂ ਵੱਲੋਂ ਤਿਆਰ ਕੀਤੇ ਗੁਣਵੱਤਾ ਭਰਪੂਰ ਉਤਪਾਦ ਇੱਕ ਹੀ ਥਾਂ ਉਪਲਬਧ ਹੋ ਸਕਣਗੇ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਉਤਪਾਦਾਂ ਦੀ ਇੱਕ ਨਾਮ ਹੇਠ ਬ੍ਰਾਂਡਿੰਗ ਕਰਕੇ ਡਿਜੀਟਲ ਪਲੇਟਫਾਰਮਾਂ ਅਤੇ ਸੋਸ਼ਲ ਮੀਡੀਆ ਰਾਹੀਂ ਵਿਆਪਕ ਪ੍ਰਚਾਰ ਕੀਤਾ ਜਾਵੇ ਤਾਂ ਜੋ ਇਹ ਉਤਪਾਦ ਮਾਲੇਰਕੋਟਲਾ ਦੀਆਂ ਹੱਦਾਂ ਤੱਕ ਸੀਮਿਤ ਨਾ ਰਹਿਣ, ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾ ਸਕਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਉਪਰਾਲੇ ਨਾਲ ਸਵੈ ਸਹਾਇਤਾ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਉਨ੍ਹਾਂ ਨੂੰ ਸਨਮਾਨਜਨਕ ਜੀਵਨ ਜਿਉਣ ਦੇ ਨਾਲ-ਨਾਲ ਆਪਣੇ ਘਰਾਂ ਜਾਂ ਪਿੰਡਾਂ ਦੇ ਨੇੜੇ ਹੀ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ। ਉਨ੍ਹਾਂ ਹੋਰ ਮਹਿਲਾਵਾਂ ਨੂੰ ਵੀ ਸਵੈ ਸਹਾਇਤਾ ਗਰੁੱਪਾਂ ਨਾਲ ਜੁੜ ਕੇ ਆਪਣੇ ਹੁਨਰ ਨੂੰ ਆਮਦਨ ਦਾ ਸਾਧਨ ਬਣਾਉਣ ਦੀ ਅਪੀਲ ਕੀਤੀ।
ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਨੇ ਦੱਸਿਆ ਗਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਗਰੁੱਪਾਂ ਨੂੰ ਸ਼ੁਰੂਆਤੀ ਪੜਾਅ ਵਿੱਚ 30 ਹਜ਼ਾਰ ਰੁਪਏ ਪ੍ਰਤੀ ਗਰੁੱਪ ਰਿਵਾਲਵਿੰਗ ਫੰਡ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸਹਾਇਤਾ ਨਾਲ ਮਹਿਲਾਵਾਂ ਆਮਲੇ ਦਾ ਅਚਾਰ, ਗਾਜਰ ਦਾ ਅਚਾਰ, ਹਲਦੀ ਦਾ ਅਚਾਰ, ਹਰੀ ਮਿਰਚਾਂ ਦਾ ਅਚਾਰ, ਆਮਲਾ ਪਾਊਡਰ, ਆਮਲਾ ਕੈਂਡੀ ਅਤੇ ਹੋਰ ਪੌਸ਼ਟਿਕ ਉਤਪਾਦ ਤਿਆਰ ਕਰ ਰਹੀਆਂ ਹਨ। ਇਹ ਉਤਪਾਦ ਨਾ ਸਿਰਫ਼ ਸਥਾਨਕ ਪੱਧਰ ’ਤੇ ਵਿਕ ਰਹੇ ਹਨ, ਸਗੋਂ ਵਿਸ਼ੇਸ਼ ਮੌਕਿਆਂ ’ਤੇ ਲਗਾਏ ਜਾਣ ਵਾਲੇ ਸਟਾਲਾਂ ਰਾਹੀਂ ਵੀ ਚੰਗੀ ਆਮਦਨ ਦਾ ਸਰੋਤ ਬਣ ਰਹੇ ਹਨ।









