ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ਉੱਤੇ ਵੱਧ ਰਹੇ ਬੋਝ ਨੂੰ ਘਟਾਉਣ ਲਈ ਵੱਡਾ ਫ਼ੈਸਲਾ ਲੈਂਦਿਆਂ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਦਾਇਰਾ ਹੋਰ ਵਧਾ ਦਿੱਤਾ ਹੈ। ਸਰਕਾਰ ਨੇ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇਣ ਦੇ ਨਾਲ-ਨਾਲ ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਯੋਜਨਾ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਕਦਮ ਨਾਲ ਮਰੀਜ਼ਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਇਲਾਜ ਦੀ ਸਹੂਲਤ ਮਿਲੇਗੀ ਅਤੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਭੀੜ ਅਤੇ ਉਡੀਕ ਦਾ ਸਮਾਂ ਘਟੇਗਾ।
ਉਨ੍ਹਾਂ ਕਿਹਾ ਕਿ ਪਹਿਲਾਂ ਇਹ 17 ਮੈਡੀਕਲ ਪ੍ਰਕਿਰਿਆਵਾਂ ਸਿਰਫ਼ ਸਰਕਾਰੀ ਹਸਪਤਾਲਾਂ ਵਿੱਚ ਹੀ ਉਪਲਬਧ ਸਨ, ਪਰ ਹੁਣ ਇਹ ਸੇਵਾਵਾਂ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਵੀ ਮੁਹੱਈਆ ਹੋਣਗੀਆਂ।
ਕਿਹੜੀਆਂ ਸੇਵਾਵਾਂ ਹੋਣਗੀਆਂ ਉਪਲਬਧ?
ਈਐਨਟੀ (ਕੰਨ, ਨੱਕ ਅਤੇ ਗਲਾ) ਵਿਭਾਗ
- ਨੱਕ ਦੀ ਹੱਡੀ ਦੇ ਫ੍ਰੈਕਚਰ ਦੀ ਸੈਟਿੰਗ
- ਐਡੀਨੋਇਡੈਕਟੋਮੀ ਸਰਜਰੀ
ਜਨਰਲ ਸਰਜਰੀ
- ਹਾਈਡ੍ਰੋਸੀਲ ਆਪਰੇਸ਼ਨ
- ਫੋੜੇ ਦਾ ਇਲਾਜ
- ਐਪੈਂਡਿਕਸ ਸਰਜਰੀ
- ਓਪਨ ਅਤੇ ਲੈਪ੍ਰੋਸਕੋਪਿਕ ਗਾਲ ਬਲੈਡਰ ਸਰਜਰੀ
ਮਹਿਲਾ ਸਿਹਤ ਸੇਵਾਵਾਂ
- 12 ਹਫ਼ਤਿਆਂ ਤੋਂ ਵੱਧ ਗਰਭ ਅਵਸਥਾ ਨਾਲ ਸਬੰਧਤ ਪ੍ਰਕਿਰਿਆਵਾਂ
- ਹਿਸਟੈਰੋਟੋਮੀ
- ਗਰਭ ਅਵਸਥਾ ਨਾਲ ਜੁੜੀਆਂ ਜਟਿਲਤਾਵਾਂ ਲਈ ਦਾਖ਼ਲਾ
- ਯੌਨ ਸ਼ੋਸ਼ਣ ਪੀੜਤਾਵਾਂ ਅਤੇ ਵਿਸ਼ੇਸ਼ ਮਾਮਲਿਆਂ ਵਿੱਚ ਐਨੇਸਥੀਸੀਆ ਅਧੀਨ ਜਾਂਚ
ਨੇਤਰ ਰੋਗ ਸੇਵਾਵਾਂ
- ਪਟੈਰਿਜੀਅਮ ਐਕਸੀਜ਼ਨ
- ਐਂਟਰੋਪੀਅਨ ਕਰੈਕਸ਼ਨ
ਆਰਥੋਪੀਡਿਕ ਸੇਵਾਵਾਂ
- ਟੈਂਡਨ ਰਿਲੀਜ਼
- ਛੋਟੇ ਜੋੜਾਂ ਦੀਆਂ ਸੱਟਾਂ ਦਾ ਇਲਾਜ
- ਗਿੱਟੇ ਦੇ ਫ੍ਰੈਕਚਰ ਸਬੰਧੀ ਸਰਜਰੀ
ਸਰਕਾਰ ਨੇ ਇਨ੍ਹਾਂ ਪ੍ਰਕਿਰਿਆਵਾਂ ਲਈ 2,000 ਰੁਪਏ ਤੋਂ 27,800 ਰੁਪਏ ਤੱਕ ਦੇ ਪੈਕੇਜ ਰੇਟ ਨਿਰਧਾਰਤ ਕੀਤੇ ਹਨ।
ਇਕੱਲੇ ਰਹਿਣ ਵਾਲੇ ਲੋਕਾਂ ਨੂੰ ਵੀ ਮਿਲੇਗਾ ਲਾਭ
ਇਸ ਯੋਜਨਾ ਦਾ ਇੱਕ ਹੋਰ ਵੱਡਾ ਵਿਸਥਾਰ ਕਰਦਿਆਂ ਹੁਣ ਇਕੱਲੇ ਰਹਿਣ ਵਾਲੇ ਵਿਅਕਤੀਆਂ, ਸੀਨੀਅਰ ਸਿਟੀਜ਼ਨ, ਵਿਧਵਾਵਾਂ ਅਤੇ ਹੋਰ ਸੁਤੰਤਰ ਤੌਰ ’ਤੇ ਰਹਿ ਰਹੇ ਲੋਕਾਂ ਨੂੰ ਵੀ ਇਸ ਸਿਹਤ ਬੀਮਾ ਯੋਜਨਾ ਦਾ ਲਾਭ ਮਿਲੇਗਾ।
ਪਹਿਲਾਂ ਇਹ ਯੋਜਨਾ ਸਿਰਫ਼ ਦੋ ਜਾਂ ਵੱਧ ਮੈਂਬਰਾਂ ਵਾਲੇ ਪਰਿਵਾਰਾਂ ਲਈ ਸੀ। ਹੁਣ ਵਿਦੇਸ਼ਾਂ ਵਿੱਚ ਰਹਿ ਰਹੇ ਬੱਚਿਆਂ ਦੇ ਮਾਪੇ ਵੀ ਇਸ ਸਕੀਮ ਤਹਿਤ ਕਵਰ ਹੋ ਸਕਣਗੇ।
65 ਲੱਖ ਪਰਿਵਾਰ ਪਹਿਲਾਂ ਹੀ ਲਾਭਪਾਤਰੀ
ਰਾਜ ਸਿਹਤ ਏਜੰਸੀ ਦੇ ਅੰਕੜਿਆਂ ਅਨੁਸਾਰ, ਇਸ ਸਮੇਂ ਕਰੀਬ 65 ਲੱਖ ਪਰਿਵਾਰ ਯੋਜਨਾ ਤਹਿਤ ਕਵਰ ਹੋ ਚੁੱਕੇ ਹਨ। ਰਾਜ ਭਰ ਵਿੱਚ 824 ਸਰਕਾਰੀ, ਕੇਂਦਰੀ ਅਤੇ ਸੂਚੀਬੱਧ ਨਿੱਜੀ ਹਸਪਤਾਲ ਇਸ ਯੋਜਨਾ ਤਹਿਤ ਸੇਵਾਵਾਂ ਦੇ ਰਹੇ ਹਨ। ਯੋਜਨਾ ਵਿੱਚ ਲਗਭਗ 2300 ਬਿਮਾਰੀਆਂ ਅਤੇ ਮੈਡੀਕਲ ਪ੍ਰਕਿਰਿਆਵਾਂ ਸ਼ਾਮਲ ਹਨ।
ਸਰਕਾਰ ਦਾ ਮੰਨਣਾ ਹੈ ਕਿ ਇਹ ਫ਼ੈਸਲਾ ਪੰਜਾਬ ਦੇ ਲੋਕਾਂ ਨੂੰ ਹੋਰ ਵਿਆਪਕ ਅਤੇ ਸਮੇਂ ਸਿਰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।



