ਲੁਧਿਆਣਾ, 01 ਅਕਤੂਬਰ (000) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਵਿਕਾਸ ਨੂੰ ਹੋਰ ਮਜ਼ਬੂਤੀ ਦਿੰਦਿਆਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਅੱਜ ਵੱਖ-ਵੱਖ ਤਿੰਨ ਸਥਾਨਾਂ ’ਤੇ ਆਰ ਐਮ ਸੀ ਸੜਕ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ।
ਵਿਧਾਇਕ ਛੀਨਾ ਨੇ ਵਾਰਡ ਨੰਬਰ 33 ਅਧੀਨ ਹਰਗੋਬਿੰਦ ਨਗਰ ਗਲੀ ਨੰਬਰ 10, ਕਰਮਜੀਤ ਨਗਰ ਅਤੇ ਸੁਖਦੇਵ ਨਗਰ ਗਲੀ ਨੰਬਰ 8 ਵਿੱਚ ਆਰ ਐਮ ਸੀ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਛੀਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਲਾਂ ਤੋਂ ਲਟਕੀਆਂ ਮੰਗਾਂ ਹੁਣ ਪੂਰੀਆਂ ਹੋ ਰਹੀਆਂ ਹਨ।
ਹਰਗੋਬਿੰਦ ਨਗਰ ਦੀ ਗਲੀ ਨੰਬਰ 10 ਦੇ ਵਸਨੀਕਾਂ ਨੇ ਦੱਸਿਆ ਕਿ ਇਹ ਗਲੀ ਕਰੀਬ 10–15 ਸਾਲਾਂ ਤੋਂ ਨਹੀਂ ਬਣੀ ਸੀ, ਜਦਕਿ ਕਰਮਜੀਤ ਨਗਰ ਵਿੱਚ ਵੀ ਲੋਕ ਪਿਛਲੇ 15 ਸਾਲਾਂ ਤੋਂ ਨਵੀਂ ਸੜਕ ਦੀ ਉਡੀਕ ਕਰ ਰਹੇ ਸਨ। ਟੁੱਟੀਆਂ ਸੜਕਾਂ ਕਾਰਨ ਰੋਜ਼ਾਨਾ ਆਵਾਜਾਈ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਆਰ ਐਮ ਸੀ ਸੜਕਾਂ ਦੇ ਨਿਰਮਾਣ ਨਾਲ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਸੁਖਾਵੀਂ ਹੋਵੇਗੀ।
ਇਸੇ ਦੌਰਾਨ ਸੁਖਦੇਵ ਨਗਰ ਗਲੀ ਨੰਬਰ 8 ਵਿੱਚ ਪਿਛਲੀ ਸਰਕਾਰ ਵੱਲੋਂ ਅਧੂਰਾ ਛੱਡਿਆ ਗਿਆ ਸੜਕ ਨਿਰਮਾਣ ਕਾਰਜ ਵੀ ਮੁੜ ਸ਼ੁਰੂ ਕਰਵਾਇਆ ਗਿਆ। ਇਹ ਸੜਕ ਹੁਣ ਉੱਚ ਗੁਣਵੱਤਾ ਵਾਲੀ ਆਰ ਐਮ ਸੀ ਤਕਨੀਕ ਨਾਲ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਇਲਾਕਾ ਵਾਸੀਆਂ ਨੂੰ ਲੰਬੇ ਸਮੇਂ ਲਈ ਮਜ਼ਬੂਤ ਅਤੇ ਟਿਕਾਊ ਸੜਕ ਦੀ ਸਹੂਲਤ ਮਿਲੇਗੀ।
ਇਸ ਮੌਕੇ ਰਾਜਿੰਦਰ ਸ਼ਰਮਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਰਹੇ।
ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਹਲਕਾ ਲੁਧਿਆਣਾ ਦੱਖਣੀ ਦੇ ਹਰ ਵਾਰਡ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਸਮੱਸਿਆ ਦਾ ਹੱਲ, ਹਰ ਗਲੀ ਦਾ ਵਿਕਾਸ ਅਤੇ ਹਰ ਘਰ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਹੀ ਸਾਡਾ ਮਕਸਦ ਹੈ। ਹਲਕੇ ਦੇ ਵਿਕਾਸ ਦੀ ਇਹ ਲੜੀ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ।






