HomePunjabਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਗਣਤੰਤਰ ਦਿਵਸ ਸਮਾਰੋਹ, ਸ਼ਹੀਦ ਪਰਿਵਾਰ ਅਤੇ ਹੋਨਹਾਰ ਵਿਦਿਆਰਥਣ...

ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਗਣਤੰਤਰ ਦਿਵਸ ਸਮਾਰੋਹ, ਸ਼ਹੀਦ ਪਰਿਵਾਰ ਅਤੇ ਹੋਨਹਾਰ ਵਿਦਿਆਰਥਣ ਸਨਮਾਨਿਤ

ਬਠਿੰਡਾ: ਬੀਤੇ ਦਿਨ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿੱਚ 77ਵਾਂ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ, ਗੌਰਵ ਅਤੇ ਦੇਸ਼ਭਗਤੀ ਭਰੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕੈਂਪਸ ਵਿਖੇ ਭਾਰਤ ਦਾ ਰਾਸ਼ਟਰੀ ਝੰਡਾ ਅਤੇ ਯੂਨੀਵਰਸਿਟੀ ਦਾ ਝੰਡਾ ਲਹਿਰਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਝੰਡਾ ਲਹਿਰਾਉਣ ਅਤੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਉਨ੍ਹਾਂ ਨੇ ਸਟਾਫ, ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਗਣਤੰਤਰ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਸ੍ਰੀਮਤੀ ਕਰੁਣਾ ਤਿਵਾੜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਾਲ ਗਣਤੰਤਰ ਦਿਵਸ ਸਮਾਰੋਹ ਦੀ ਥੀਮ “ਵੰਦੇ ਮਾਤਰਮ ਦੇ 150 ਸਾਲ” ਰੱਖੀ ਗਈ, ਜੋ ਭਾਰਤ ਦੀ ਆਧਿਆਤਮਿਕ ਵਿਰਾਸਤ, ਵਿਗਿਆਨਕ ਤਰੱਕੀ ਅਤੇ ਸਮਾਨਤਾ ਤੋਂ ਨਿਆਂ ਤੱਕ ਦੇਸ਼ ਦੀ ਇਤਿਹਾਸਕ ਯਾਤਰਾ ਨੂੰ ਪ੍ਰਤੀਬਿੰਬਿਤ ਕਰਦੀ ਹੈ।

ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਵੱਲੋਂ ਨਰੁਆਣਾ ਦੇ ਸ਼ਹੀਦ ਕਰਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਕੇ ਦੇਸ਼ ਦੇ ਵੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸਦੇ ਨਾਲ ਹੀ ਯੂਨੀਵਰਸਿਟੀ ਦੀ ਹੋਨਹਾਰ ਵਿਦਿਆਰਥਣ ਖਿਡਾਰੀ ਸਿਮਰਨਜੀਤ ਕੌਰ ਨੂੰ ਖੇਲੋ ਇੰਡੀਆ ਖੇਡਾਂ ਲਈ ਚੁਣੇ ਜਾਣ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਆਪਣੇ ਸੰਬੋਧਨ ਦੌਰਾਨ ਵਾਈਸ-ਚਾਂਸਲਰ ਨੇ ਸਾਲ 1950 ਵਿੱਚ ਭਾਰਤੀ ਸੰਵਿਧਾਨ ਨੂੰ ਅਪਣਾਏ ਜਾਣ ਦੇ ਇਤਿਹਾਸਕ ਮਹੱਤਵ ‘ਤੇ ਰੌਸ਼ਨੀ ਪਾਈ ਅਤੇ ਡਾ. ਭੀਮਰਾਓ ਅੰਬੇਡਕਰ ਸਮੇਤ ਸੰਵਿਧਾਨ ਸਭਾ ਦੇ ਮੈਂਬਰਾਂ ਦੇ ਅਮੂਲ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਅਧਿਕਾਰਾਂ ਅਤੇ ਫਰਜ਼ਾਂ ਦੇ ਸੰਤੁਲਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸੱਚਾ ਲੋਕਤੰਤਰ ਤਦੋਂ ਹੀ ਮਜ਼ਬੂਤ ਬਣਦਾ ਹੈ, ਜਦੋਂ ਸੰਸਥਾਵਾਂ, ਪ੍ਰਸ਼ਾਸਕ, ਅਧਿਆਪਕ ਅਤੇ ਵਿਦਿਆਰਥੀ ਨਿਯਮ ਆਧਾਰਿਤ ਪ੍ਰਣਾਲੀ ਦੇ ਨਾਲ-ਨਾਲ ਮਨੁੱਖੀ ਸੰਵੇਦਨਸ਼ੀਲਤਾ ਨੂੰ ਅਪਣਾਉਂਦੇ ਹੋਏ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹਨ।

ਯੂਨੀਵਰਸਿਟੀ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੰਦਿਆਂ ਕੁਲਪਤੀ ਨੇ ਦੱਸਿਆ ਕਿ ਸਾਲ 2025 ਦੌਰਾਨ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਨਾਲ 835 ਖੋਜ ਪ੍ਰਕਾਸ਼ਨ ਦਰਜ ਕੀਤੇ ਗਏ। ਇਸਦੇ ਨਾਲ ਹੀ ਅਕਾਦਮਿਕ, ਖੇਡ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਵੀ ਯੂਨੀਵਰਸਿਟੀ ਨੇ ਮਹੱਤਵਪੂਰਨ ਸਫਲਤਾਵਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਟਾਈਮਜ਼ ਹਾਇਅਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 ਵਿੱਚ ਯੂਨੀਵਰਸਿਟੀ ਨੇ 251–300 ਦੇ ਗਲੋਬਲ ਰੈਂਕ ਬੈਂਡ ਵਿੱਚ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ 39ਵੇਂ ਅਖਿਲ ਭਾਰਤੀ ਯੂਨੀਵਰਸਿਟੀ ਉੱਤਰ ਖੇਤਰ ਯੁਵਾ ਮਹੋਤਸਵ ਵਿੱਚ ਸਮੁੱਚੇ ਤੌਰ ‘ਤੇ ਚੌਥਾ ਸਥਾਨ ਹਾਸਲ ਕਰਨਾ ਅਤੇ ਖੇਲੋ ਇੰਡੀਆ ਖੇਡਾਂ ਵਿੱਚ ਵਿਦਿਆਰਥਣ ਵੱਲੋਂ ਯੂਨੀਵਰਸਿਟੀ ਦੀ ਨੁਮਾਇੰਦਗੀ ਵੀ ਪ੍ਰਮੁੱਖ ਉਪਲਬਧੀਆਂ ਵਿੱਚ ਸ਼ਾਮਲ ਹਨ।

ਅੰਤ ਵਿੱਚ ਉਨ੍ਹਾਂ ਨੇ ਹੁਨਰ ਵਿਕਾਸ, ਸਮੁਦਾਇਕ ਭਾਗੀਦਾਰੀ ਅਤੇ ਟਿਕਾਊ ਜੀਵਨ ਸ਼ੈਲੀ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।

ਇਸ ਸਮਾਗਮ ਦਾ ਮੰਚ ਸੰਚਾਲਨ ਪ੍ਰੋਫੈਸਰ ਰਮਨਪ੍ਰੀਤ ਕੌਰ ਅਤੇ ਡਾ. ਕੁਲਭੂਸ਼ਣ ਸ਼ਰਮਾ ਵੱਲੋਂ ਸਫਲਤਾਪੂਰਵਕ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI