ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਆਪਣੇ ਅੰਤਿਮ ਪੜਾਅ ’ਤੇ ਪਹੁੰਚ ਗਿਆ ਹੈ। 6 ਮਾਰਚ ਨੂੰ ਰਾਜਪਾਲ ਦੇ ਅਭਿਭਾਸ਼ਣ ਨਾਲ ਸ਼ੁਰੂ ਹੋਇਆ ਇਹ ਸੈਸ਼ਨ ਅੱਜ ਆਪਣੇ ਕੰਮਕਾਜ ਨੂੰ ਸਮਾਪਤ ਕਰੇਗਾ। ਆਖਰੀ ਦਿਨ ਵਿਧਾਨਕ ਕਾਰਵਾਈ ਅਤੇ ਮਹੱਤਵਪੂਰਨ ਬਿੱਲਾਂ ਦੀ ਮੰਜ਼ੂਰੀ ਦੇ ਲਿਹਾਜ਼ ਨਾਲ ਕਾਫੀ ਰੁਝੇਵਿਆਂ ਭਰਿਆ ਰਹਿਣ ਦੀ ਸੰਭਾਵਨਾ ਹੈ।
ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਪੱਖ ਵਿਚਕਾਰ ਇੱਕ ਵਾਰ ਫਿਰ ਤਿੱਖੀ ਨੋਕ-ਝੋਕ ਹੋਣ ਦੇ ਆਸਾਰ ਹਨ।
ਅੱਜ ਦੇ ਮੁੱਖ ਏਜੰਡੇ
ਅੱਜ ਸਦਨ ਵਿੱਚ ‘ਪੰਜਾਬ ਰੈਗੂਲੇਸ਼ਨ ਆਫ਼ ਕ੍ਰਸ਼ਰ ਯੂਨਿਟਸ (ਸੋਧ) ਬਿੱਲ 2026’ ਅਤੇ ‘ਸ਼੍ਰੀ ਗੁਰੂ ਤੇਗ ਬਹਾਦਰ ਵਰਲਡ ਕਲਾਸ ਯੂਨੀਵਰਸਿਟੀ ਬਿੱਲ 2026’ ਪੇਸ਼ ਕੀਤੇ ਜਾਣਗੇ। ਦੋਵੇਂ ਬਿੱਲ ਰਾਜ ਦੇ ਉਦਯੋਗਿਕ ਅਤੇ ਵਿਦਿਅਕ ਢਾਂਚੇ ਲਈ ਅਹਿਮ ਮੰਨੇ ਜਾ ਰਹੇ ਹਨ।
ਇਸ ਤੋਂ ਇਲਾਵਾ, ਵਿੱਤੀ ਸਾਲ 2023-24 ਅਤੇ 2025 ਦੀਆਂ ਕੈਗ ਰਿਪੋਰਟਾਂ ਸਮੇਤ ਰਾਜ ਦੇ ਮਾਲੀਏ ਅਤੇ ਖਰਚਿਆਂ ਨਾਲ ਸੰਬੰਧਤ ਅਹਿਮ ਦਸਤਾਵੇਜ਼ ਸਦਨ ਪਟਲ ’ਤੇ ਰੱਖੇ ਜਾਣਗੇ।
ਵਿਧਾਇਕਾਂ ਵੱਲੋਂ ਉਠਾਏ ਜਾਣ ਵਾਲੇ ਮੁੱਦੇ
ਕਈ ਵਿਧਾਇਕ ਆਪਣੇ-ਆਪਣੇ ਹਲਕਿਆਂ ਦੀਆਂ ਸਮੱਸਿਆਵਾਂ ਸਦਨ ਵਿੱਚ ਉਠਾਉਣਗੇ। ਵਿਜੇ ਸਿੰਗਲਾ ਵੱਲੋਂ ਮਾਨਸਾ ਦੇ ਆਈ.ਟੀ.ਆਈ. ਮਾਰਗ ਦੀ ਸਮੱਸਿਆ, ਫੌਜਾ ਸਿੰਘ ਸਰਾਰੀ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਸੜਕ ਨੂੰ ਫੋਰ-ਲੇਨ ਬਣਾਉਣ ਦੀ ਮੰਗ ਅਤੇ ਪ੍ਰੋ. ਬਲਜਿੰਦਰ ਕੌਰ ਵੱਲੋਂ ਰਿਫਾਈਨਰੀ ਦੇ ਸੀ.ਐਸ.ਆਰ. ਫੰਡ ਦੀ ਵਰਤੋਂ ਸਬੰਧੀ ਮੁੱਦਾ ਚਰਚਾ ਵਿੱਚ ਰਹੇਗਾ।
ਬਜਟ ਦੀਆਂ ਖਾਸ ਗੱਲਾਂ
ਇਸ ਸਾਲ ਦੇ ਸੈਸ਼ਨ ਦੀ ਸ਼ੁਰੂਆਤ 6 ਮਾਰਚ ਨੂੰ ਹੋਈ ਸੀ, ਜਦਕਿ 8 ਮਾਰਚ ਨੂੰ ਸਰਕਾਰ ਨੇ 2.60 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਵਿੱਚ ਔਰਤਾਂ ਲਈ ‘ਮੁੱਖ ਮੰਤਰੀ ਮਾਂ-ਧੀਆਂ ਸਨਮਾਨ’ ਯੋਜਨਾ ਤਹਿਤ 1000 ਅਤੇ 1500 ਰੁਪਏ ਦੇ ਵੱਡੇ ਐਲਾਨ ਕੀਤੇ ਗਏ।
ਪੂਰੇ ਸੈਸ਼ਨ ਦੌਰਾਨ ਗੈਸ ਦੀ ਕਿੱਲਤ, ਜਨਤਕ ਮੁੱਦਿਆਂ ਅਤੇ ਖਹਿਰਾ ਦੇ ਬਿਆਨਾਂ ਨੂੰ ਲੈ ਕੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਕਾਰ ਜ਼ੁਬਾਨੀ ਜੰਗ ਵੀ ਦੇਖਣ ਨੂੰ ਮਿਲੀ।



