Friday, September 4, 2026
Home Patiala Updates ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਟਰਾਇਲ ਸਫਲਤਾ ਪੂਰਵਕ ਸੰਪੰਨ

ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਟਰਾਇਲ ਸਫਲਤਾ ਪੂਰਵਕ ਸੰਪੰਨ

0
1
-ਸਰਕਾਰ ਨੇ ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਖੇਡ ਵਿੰਗ ਲਈ 350 ਸੀਟਾਂ ਦੀ ਪ੍ਰਵਾਨਗੀ ਦਿੱਤੀ – ਪ੍ਰੋ. ਗਿੱਲ
ਪਟਿਆਲਾ: ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਲਏ ਗਏ ਵੱਖ-ਵੱਖ ਖੇਡਾਂ ਦੇ ਟਰਾਇਲ ਸਫਲਤਾ ਪੂਰਵਕ ਨੇਪਰੇ ਚੜ ਗਏ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੁਆਰਾ ਖੇਡ ਵਿੰਗ ਲਈ 350 ਸੀਟਾਂ ਦੀ ਪ੍ਰਵਾਨਗੀ ਮਿਲੀ ਹੈ, ਜਿਹਨਾਂ ਦੇ ਟਰਾਇਲ 3 ਸਤੰਬਰ ਨੂੰ ਪਟਿਆਲਾ ਦੇ ਫਿਜ਼ੀਕਲ ਕਾਲਜ ਵਿਖੇ ਹੋਏ। ਇਹਨਾਂ ਵਿੱਚ ਵੱਖ-ਵੱਖ ਖੇਡਾਂ ਜਿਵੇਂ ਵਾਲੀਬਾਲ, ਬਾਸਕਟਬਾਲ, ਕਬੱਡੀ, ਹਾਕੀ, ਜੂਡੋ ਟੇਬਲ ਟੈਨਸ, ਫੁੱਟਬਾਲ, ਖੋਹ-ਖੋਹ, ਅਥਲੈਟਿਕਸ, ਹੈਂਡਬਾਲ, ਆਰਚਰੀ, ਕੁਸ਼ਤੀ, ਤੈਰਾਕੀ, ਜਿਮਨਾਸਟਿਕ, ਲਾਅਨ ਟੈਨਿਸ, ਬਾਕਸਿੰਗ, ਬੈਡਮਿੰਟਨ ਆਦਿ ਖੇਡਾਂ ਦੇ ਟਰਾਇਲ ਲਏ ਗਏ।
ਪ੍ਰੋ. ਗਿੱਲ ਨੇ ਦੱਸਿਆ ਕਿ ਵੇਟ ਲਿਫਟਿੰਗ, ਨੈੱਟ ਬਾਲ, ਫੈਨਸਿੰਗ ਅਤੇ ਸਾਈਕਲਿੰਗ ਆਦਿ ਖੇਡਾਂ ਦੇ ਟਰਾਇਲ ਹੋਣੇ ਬਾਕੀ ਹਨ। ਪੰਜਾਬ ਸਪੋਰਟਸ ਯੂਨੀਵਰਸਿਟੀ ਦੁਆਰਾ ਲਏ ਗਏ ਪਲੇਠੇ ਟਰਾਇਲਾਂ ਵਿੱਚ ਪੰਜਾਬ ਦੇ ਉੱਚ ਕੋਟੀ ਦੇ 532 ਖਿਡਾਰੀਆਂ ਨੇ ਹਿੱਸਾ ਲਿਆ। ਵਾਈਸ ਚਾਂਸਲਰ ਨੇ ਕਿਹਾ ਕਿ ਪੰਜਾਬ ਸਪੋਰਟਸ ਯੂਨੀਵਰਸਿਟੀ ਅਜਿਹੀ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਖਿਡਾਰੀਆਂ ਨੂੰ ਚੰਗੇ ਕੋਚ, ਬੇਹਤਰੀਨ ਖੇਡ ਦੇ ਮੈਦਾਨ ਉੱਚੀਆਂ ਤਕਨੀਕਾਂ ਨਾਲ ਲਬਰੇਜ਼ ਜਿੰਮ, ਚੰਗੀਆਂ ਸਿਹਤ ਸਹੂਲਤਾਂ ਲਈ ਲੈਬਜ਼, ਚੰਗੇ ਖੇਡ ਮਾਹਿਰ ਅਤੇ ਚੰਗੇ ਹੋਸਟਲ ਮੁਹੱਈਆ ਕਰਵਾ ਰਹੀ ਹੈ।
ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਖੇਡਾਂ ਦੇ ਖੇਤਰ ਵਿੱਚ ਨਿਵੇਕਲੇਪਣ ਨੂੰ ਲੈ ਕੇ ਯੂਨੀਵਰਸਿਟੀ ਖਿਡਾਰੀਆਂ ਦੇ ਲਈ ਹਰ ਉਹ ਸਹੂਲਤ ਮੁਹੱਈਆ ਕਰਵਾ ਰਹੀ ਹੈ ਜਿਹਨਾਂ ਨਾਲ ਉਹ ਅੰਤਰਰਾਸ਼ਟਰੀ ਪੱਧਰ `ਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ। ਇਹੀ ਵੱਡਾ ਕਾਰਨ ਹੈ ਕਿ ਪਲੇਠੀ ਵਾਰ ਲਏ ਗਏ ਖੇਡ ਵਿੰਗ ਦੇ ਟਰਾਇਲਾਂ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਅਤੇ ਇੰਨੇ ਉਤਸ਼ਾਹ ਵਾਲੇ ਖਿਡਾਰੀ ਹਿੱਸਾ ਲੈਣ ਲਈ ਆਏ। ਉਨ੍ਹਾਂ ਕਿਹਾ ਕਿ “ਅਸੀਂ ਅਗਲੀ ਵਾਰ ਤੋਂ ਆਪਣੀਆਂ ਖੇਡ ਵਿੰਗ ਦੀਆਂ ਸੀਟਾਂ ਵਧਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਪੰਜਾਬ ਦੇ ਖਿਡਾਰੀਆਂ ਨੂੰ ਉਹਨਾਂ ਦੀ ਆਪਣੀ ਯੂਨੀਵਰਸਿਟੀ ਵਿੱਚ ਉਪਲਬਧ ਸਹੂਲਤਾਂ ਦਾ ਲਾਭ ਮਿਲ ਸਕੇ ਹੁਣ ਸਾਡੇ ਕੋਲ 150 ਰੈਜ਼ੀਡੈਂਸ਼ੀਅਲ ਅਤੇ 200 ਡੇ ਸਕਾਲਰ ਖਿਡਾਰੀ ਆ ਚੁੱਕੇ ਹਨ ਇਹਨਾਂ ਦੇ ਹਰ ਪੱਖ ਤੋਂ ਵਿਕਾਸ ਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਵਾਅਦਾ ਕਰਦੇ ਹਾਂ ਕਿ ਸਾਡੇ ਇਹ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਚ ਨਵੇਂ ਅਤੇ ਉੱਚੇ ਮਾਪਦੰਡ ਸਥਾਪਿਤ ਕਰਨਗੇ।” ਖੇਡਾਂ ਦੇ ਨਾਲ-ਨਾਲ ਅਸੀਂ ਉਹਨਾਂ ਦੀ ਪੜ੍ਹਾਈ ਦਾ ਵੀ ਖਾਸ ਧਿਆਨ ਰੱਖ ਰਹੇ ਹਾਂ ਤਾਂ ਜੋ ਅਕਾਦਮਿਕ ਪੱਧਰ `ਤੇ ਉਹ ਚੰਗੇ ਵਿਦਵਾਨਾਂ ਵਜੋਂ ਸਥਾਪਿਤ ਹੋ ਸਕਣ।
ਵਾਈਸ ਚਾਂਸਲਰ ਡਾ. ਗਿੱਲ ਨੇ ਇੱਕ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੈਲੀਫੋਰਨੀਆ (ਅਮਰੀਕਾ) ਤੋਂ ਅਟੋਰਨੀ ਐਟ ਲਾਅ ਸ. ਜਸਪ੍ਰੀਤ ਸਿੰਘ ਨੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਖਿਡਾਰੀਆਂ ਲਈ ਹਰ ਸਾਲ 50 ਲੱਖ ਦਾ ਡਾਈਟ ਪਲੈਨ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਦੇ ਇਹਨਾਂ ਯਤਨਾ ਸਦਕਾ ਖਿਡਾਰੀਆਂ ਨੂੰ ਬਿਹਤਰੀਨ ਖੁਰਾਕ ਦੇਣ ਵਿੱਚ ਸੌਖ ਹੋਵੇਗੀ, ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਇਸ ਮੌਕੇ ਡਾ. ਅਮਰਪ੍ਰੀਤ ਸਿੰਘ ਡਾਇਰੈਕਟਰ ਆਫ ਸਪੋਰਟਸ, ਪੰਜਾਬ ਸਪੋਰਟਸ ਯੂਨੀਵਰਸਿਟੀ, ਡਾ. ਹਰਮਨਪ੍ਰੀਤ ਕੌਰ ਪ੍ਰਿੰਸੀਪਲ ਫਿਜੀਕਲ ਕਾਲਜ, ਡਾ. ਰਣਬੀਰ ਸਿੰਘ ਪ੍ਰਿੰਸੀਪਲ ਸਪੋਰਟਸ ਕਾਲਜ ਜਲੰਧਰ, ਡਾ. ਅਰੁਣਾ ਰਾਣੀ ਪ੍ਰਿੰਸੀਪਲ ਕਾਲਾ ਅਫਗਾਨਾ ਆਦਿ ਵੀ ਮੌਜੂਦ ਸਨ।

LEAVE A REPLY

Please enter your comment!
Please enter your name here