Monday, August 24, 2026
Home Patiala Updates ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹੀਨਾਵਾਰ ਪੁਸਤਕ ਬੈਠਕ ਆਯੋਜਤ ਬਾਲ ਸਾਹਿਤਕਾਰ ਤੇ ਗਾਇਕ...

ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹੀਨਾਵਾਰ ਪੁਸਤਕ ਬੈਠਕ ਆਯੋਜਤ ਬਾਲ ਸਾਹਿਤਕਾਰ ਤੇ ਗਾਇਕ ਕਮਲਜੀਤ ਨੀਲੋਂ ਹੋਏ ਪਾਠਕਾਂ ਦੇ ਰੂਬਰੂ

0
33

ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਮਹੀਨਾਵਾਰ ਪੁਸਤਕ ਬੈਠਕ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਪੜ੍ਹੀਆਂ ਪੁਸਤਕਾਂ ਬਾਰੇ ਚਰਚਾ ਕੀਤੀ ਗਈ। ਇਸ ਬੈਠਕ ’ਚ ਸ੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਸ. ਨੀਲੋਂ ਦਾ ਸਵਾਗਤ ਕਰਦਿਆ ਕਿਹਾ ਕਿ ਬਾਲ ਸਾਹਿਤ ਹਰੇਕ ਸਮਾਜ ਦੀ ਨਵੀਂ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਲਈ ਪਹਿਲਾ ਕਦਮ ਹੈ। ਪੰਜਾਬੀਆਂ ਦੀਆਂ ਕਈ ਪੀੜ੍ਹੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਲਈ ਕਮਲਜੀਤ ਨੀਲੋਂ ਦਾ ਵੱਡਮੁੱਲਾ ਯੋਗਦਾਨ ਹੈ। ਉਨ੍ਹਾਂ ਨੇ ਜਿੱਥੇ ਆਪਣੀਆਂ ਰਚਨਾਵਾਂ ਨੂੰ ਕਿਤਾਬੀ ਰੂਪ ’ਚ ਬੱਚਿਆਂ ਦੇ ਰੂਬਰੂ ਕੀਤਾ ਉੱਥੇ ਗਾ ਕੇ ਵੀ ਬੱਚਿਆਂ ਦਾ ਸਿਹਤਮੰਦ ਮਨੋਰੰਜਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਬਾਲ ਸਾਹਿਤ ਮੁਹਈਆ ਕਰਵਾਇਆ ਜਾਵੇ।
ਸ. ਕਮਲਜੀਤ ਨੀਲੋਂ ਨੇ ਆਪਣੇ ਸਾਹਿਤਕ ਸਫ਼ਰ ਦੇ ਆਰੰਭ ਬਾਰੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਰਹੂਮ ਕੁਲਵੰਤ ਨੀਲੋਂ ਜੋ ਖ਼ੁਦ ਸ਼ਾਇਰ ਸਨ, ਨੇ ਸਾਹਿਤ ਨਾਲ ਜੋੜਿਆ। ਫਿਰ ਉਹ ਆਪਣੇ ਪਿਤਾ ਦੀ ਉਂਗਲ ਫੜ੍ਹਕੇ ਬਾਲ ਸਭਾਵਾਂ ’ਚ ਗਾਉਣ ਲੱਗੇ। ਸਾਹਿਤ ਪੜ੍ਹਨ ’ਚੋਂ ਹੀ ਉਨ੍ਹਾਂ ਨੂੰ ਲਿਖਣ ਦੀ ਚੇਟਕ ਲੱਗੀ ਅਤੇ ਫਿਰ ਆਪਣੀ ਬਾਲ ਲਿਖਤਾਂ ਨੂੰ ਬੱਚਿਆਂ ਦੀਆਂ ਅਵਾਜ਼ਾਂ ’ਚ ਹੀ ਗਾਉਣਾ ਸ਼ੁਰੂ ਕੀਤਾ ਜਿਸ ਨੂੰ ਹਰ ਵਰਗ ਦੇ ਸਰੋਤਿਆਂ ਨੇ ਪ੍ਰਵਾਨਗੀ ਦਿੱਤੀ। ਉਨ੍ਹਾਂ ਕਿਹਾ ਕਿ ਬੱਚਾ ਬਹੁਤ ਤਾਕਤਵਰ ਹੁੰਦਾ ਹੈ, ਉਸ ਦੇ ਜਨਮ ਨਾਲ ਹੀ ਬਹੁਤ ਸਾਰੇ ਨਵੇਂ ਰਿਸ਼ਤੇ ਪੈਦਾ ਹੋ ਜਾਂਦੇ ਹਨ। ਇਸ ਕਰਕੇ ਇਨ੍ਹਾਂ ਰਿਸ਼ਤਿਆਂ ਨਾਲ ਜੋੜਕੇ ਰੱਖਣ ਲਈ ਬੱਚਿਆਂ ਨੂੰ ਸ਼ਬਦ ਗਿਆਨ ਦੇਣਾ ਬਹੁਤ ਜ਼ਰੂਰੀ ਹੈ। ਸ. ਨੀਲੋਂ ਨੇ ਆਪਣੇ ਵੱਖ-ਵੱਖ ਗੀਤਾਂ ਦੀ ਸਾਰਥਕਤਾ ਦੱਸੀ ਤੇ ਨਾਲੋਂ ਨਾਲ ਸੰਗੀਤਕ ਧੁਨਾਂ ਨਾਲ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ। ਉਨ੍ਹਾਂ ਆਪਣੇ ਚਰਚਿਤ ਗੀਤ ‘ਮਾਣੋ ਬਿੱਲੀ ਆਈ ਐ.., ਤੋਂ ਇਲਾਵਾ ‘ਮੰਨ ਲੈ ਦੁਆਵਾਂ ਰੱਬਾ..’, ‘ਖੇਡਾਂ ਖਿਡਾਵੇ ਦਾਦੀ..’, ‘ਬਚਪਨ ਕੀ ਤਿਤਲੀਆਂ’, ‘ਪੁੱਤ ਪ੍ਰਦੇਸੀਆ ਕਦ ਪਾਏਗਾ ਫੇਰਾ’, ‘ਨੂੰਹ ਸੱਸ ਦਾ ਮੁਕਾਬਲਾ’ ਤੇ ‘ਚੰਗਾ ਪਿਆਰਿਓ ਆਪਾਂ ਫੇਰ ਮਿਲਾਂਗੇ’ ਨਾਲ ਸਮਾਗਮ ਨੂੰ ਸੰਗੀਤਕ ਬਣਾ ਦਿੱਤਾ।

‘ਬਿੱਲੀ ਬੋਲੀ ਮਿਆਊਂ’ ਗੀਤ ਰਾਹੀਂ ਭਾਸ਼ਾ ਵਿਭਾਗ ਦੀਆਂ ਸਰਗਰਮੀਆਂ, ਯੋਜਨਾਵਾਂ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਵਿਭਾਗ ਵੱਲੋਂ ਪੁਸਤਕਾਂ ਦੇ ਸੈੱਟ ਤੇ ਵਿਭਾਗੀ ਸ਼ਾਲ ਨਾਲ ਕਮਲਜੀਤ ਨੀਲੋਂ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਅੰਤ ਵਿੱਚ ਖੋਜ ਅਫ਼ਸਰ ਡਾ. ਸੰਤੋਖ ਸਿੰਘ ਨੇ ਕਾਵਿਕ ਅੰਦਾਜ਼ ’ਚ ਸ. ਨੀਲੋਂ ਦਾ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਪ੍ਰੋ. ਤਰਲੋਚਨ ਕੌਰ, ਸਾਹਿਤਕਾਰ ਸੰਤ ਸਿੰਘ ਸੋਹਲ, ਕੁਲਵੰਤ ਨਾਰੀਕੇ, ਗੁਰਚਰਨ ਸਿੰਘ ਚੰਨ ਪਟਿਆਲਵੀ, ਬਚਨ ਸਿੰਘ ਗੁਰਮ, ਅਨਿਲ ਕੁਮਾਰ ਗੋਇਲ, ਹੇਮ ਰਾਜ ਤੇ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।
ਤਸਵੀਰ: ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ, ਸ. ਕਮਲਜੀਤ ਨੀਲੋਂ ਨੂੰ ਸਨਮਾਨਿਤ ਕਰਦੇ ਹੋਏ।

LEAVE A REPLY

Please enter your comment!
Please enter your name here