ਮਾਲੇਰਕੋਟਲਾ: ਸਕੱਤਰ ਰਾਜ ਚੋਣ ਕਮਿਸ਼ਨ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਪੋਰੇਸ਼ਨਾਂ/ਨਗਰ ਕੌਂਸਲਾਂ/ਨਗਰ ਪੰਚਾਇਤਾਂ 2026 ਦੀਆਂ ਚੋਣਾਂ 26 ਮਈ ਦਿਨ ਮੰਗਲਵਾਰ ਨੂੰ ਕਰਵਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ) 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ ਹੋਣ ਵਾਲੀ ਚੋਣ ਪ੍ਰਕਿਰਿਆ ਨੂੰ ਸ਼ਾਂਤੀ ਪੂਰਵਕ ਤਰੀਕੇ ਨਾਲ ਮੁਕੰਮਲ ਕਰਵਾਉਣ ਅਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀ ਹਦੂਦ ਅੰਦਰ ਅਸਲਾ ਧਾਰਕਾਂ ਨੂੰ ਆਪਣੇ- ਆਪਣੇ ਹਥਿਆਰ ਚੁੱਕ ਕੇ ਚੱਲਣ ਦੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਹੁਕਮਾਂ ਅਨੁਸਾਰ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀ ਹਦੂਦ ਅੰਦਰ ਗੰਡਾਸੇ, ਤੇਜਧਾਰ ਟਕੂਏ, ਕੁਲਹਾੜੀਆਂ, ਵਿਸਫੋਟਕ ਸਮੱਗਰੀ ਅਤੇ ਹੋਰ ਘਾਤਕ ਅਸਲਾ ਭਾਵੇਂ ਉਹ ਲਾਇਸੰਸੀ ਹੀ ਕਿਉਂ ਨਾ ਹੋਵੇ, ਚੁੱਕਣ ਤੇ ਪੂਰਨ ਤੌਰ ਤੇ ਮਨਾਹੀ ਲਗਾਈ ਗਈ ਹੈ। ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਿਜ਼, ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਬੈਂਕਾਂ ਵਿੱਚ ਗਾਰਡ ਦੀ ਨੌਕਰੀ ਕਰਦੇ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ। ਇਹ ਪਾਬੰਦੀ ਹੁਕਮ 1 ਜੂਨ ਤੱਕ ਲਾਗੂ ਰਹੇਗਾ।








