ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹਰਿਆਣਾ ਵਿੱਚ 10 ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੇ ਤਬਾਦਲੇ ਕੀਤੇ ਗਏ ਹਨ। ਨੋਟੀਫਿਕੇਸ਼ਨ ਮੁਤਾਬਕ ਝੱਜਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਜੈ ਤੇਵਤੀਆ ਨੂੰ ਰੋਹਤਕ ਤਾਇਨਾਤ ਕੀਤਾ ਗਿਆ ਹੈ, ਜਦਕਿ ਅੰਬਾਲਾ ਤੋਂ ਕੰਚਨ ਮਾਹੀ ਨੂੰ ਕੈਥਲ ਭੇਜਿਆ ਗਿਆ ਹੈ। ਕਰਨਾਲ ਤੋਂ ਡਾ. ਗਗਨਦੀਪ ਕੌਰ ਨੂੰ ਨਵੀਂ ਤਾਇਨਾਤੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਝੱਜਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਕੁਮਾਰ ਯਾਦਵ ਨੂੰ ਤਰੱਕੀ ਦੇ ਕੇ ਝੱਜਰ ਵਿੱਚ ਹੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਤਾਇਨਾਤ ਕੀਤਾ ਗਿਆ ਹੈ। ਹਿਸਾਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਦਯਾਨੰਦ ਭਾਰਦਵਾਜ ਨੂੰ ਜਗਾਧਰੀ ਭੇਜਿਆ ਗਿਆ ਹੈ, ਜਦਕਿ ਵੀਰੇਂਦਰ ਮਲਿਕ ਨੂੰ ਗੁਰੂਗ੍ਰਾਮ ਤੋਂ ਅੰਬਾਲਾ ਤਬਦੀਲ ਕੀਤਾ ਗਿਆ ਹੈ।
ਨੋਟੀਫਿਕੇਸ਼ਨ ਅਨੁਸਾਰ ਚੰਡੀਗੜ੍ਹ ਵਿੱਚ ਤਾਇਨਾਤ ਸੰਜੇ ਸੰਧੀਰ ਨੂੰ ਪੰਚਕੂਲਾ ਦਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਧੀਕ ਸੈਸ਼ਨ ਜੱਜ ਨਤਾਸ਼ਾ ਸ਼ਰਮਾ ਨੂੰ ਹਿਸਾਰ, ਸ਼ਿਫਾ ਕਰਨ ਸਿੰਘ ਨੂੰ ਜੀਂਦ ਅਤੇ ਸਵਿਤਾ ਕੁਮਾਰੀ ਨੂੰ ਕਰਨਾਲ ਵਿੱਚ ਤਬਦੀਲ ਕੀਤਾ ਗਿਆ ਹੈ। ਹਾਈ ਕੋਰਟ ਦੇ ਇਸ ਫੈਸਲੇ ਨਾਲ ਸੂਬੇ ਦੀ ਨਿਆਂਕ ਪ੍ਰਸ਼ਾਸਨਿਕ ਵਿਵਸਥਾ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।







