Friday, October 16, 2026
Home Patiala Updates ਪੀ.ਆਰ.ਟੀ.ਸੀ ਦੀ ਬਿਹਤਰੀ ਤੇ ਸਵਾਰੀਆਂ ਲਈ ਵਧੀਆ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ...

ਪੀ.ਆਰ.ਟੀ.ਸੀ ਦੀ ਬਿਹਤਰੀ ਤੇ ਸਵਾਰੀਆਂ ਲਈ ਵਧੀਆ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਅਹਿਮ ਮੀਟਿੰਗ

0
1
-ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦਾ ਨਵੀਨੀਕਰਨ, ਡਿਪੂਆਂ, ਵਰਕਸ਼ਾਪਾਂ ਦੀ ਸਾਫ ਸਫ਼ਾਈ ਤੇ ਨਵੀਆਂ ਮਿੱਡੀ ਬੱਸਾਂ ਨੂੰ ਲੋੜੀਂਦੇ ਰੂਟਾਂ ’ਤੇ ਚਲਾਉਣ ਸਬੰਧੀ ਚਰਚਾ

ਪਟਿਆਲਾ: ਪੀਆਰਟੀਸੀ ਨੂੰ ਹੋਰ ਮਜ਼ਬੂਤ ਬਣਾਉਣ, ਆਵਾਜਾਈ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਅਤੇ ਸਵਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਪੀਆਰਟੀਸੀ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਚੀਫ਼ ਅਕਾਊਂਟਸ ਅਫ਼ਸਰ ਰਾਕੇਸ਼ ਸ਼ਰਮਾ, ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ ਅਤੇ ਸਮੂਹ ਜਨਰਲ ਮੈਨੇਜਰਜ਼ ਵੀ ਸ਼ਾਮਿਲ ਸਨ।

ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੀਆਰਟੀਸੀ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਮੀਟਿੰਗ ਵਿੱਚ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੇ ਨਵੀਨੀਕਰਨ ਨੂੰ ਵਿਸ਼ੇਸ਼ ਤਰਜੀਹ ਦਿੰਦਿਆਂ ਇਸ ਨੂੰ ਸਵਾਰੀਆਂ ਲਈ ਵਧੇਰੇ ਸੁਵਿਧਾਜਨਕ ਬਣਾਉਣ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਪੀਆਰਟੀਸੀ ਦੇ ਸਮੂਹ ਡਿਪੂਆਂ ਅਤੇ ਵਰਕਸ਼ਾਪਾਂ ਵਿੱਚ ਸਾਫ਼-ਸਫ਼ਾਈ ਦੇ ਉੱਚ ਮਿਆਰ ਕਾਇਮ ਰੱਖਣ ਅਤੇ ਸਮੁੱਚੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਵੀ ਵਿਚਾਰ ਕੀਤਾ ਗਿਆ ।

ਇਸ ਮੌਕੇ ਪੀਆਰਟੀਸੀ ਦੇ ਬੇੜੇ ਵਿੱਚ ਸ਼ਾਮਲ ਹੋ ਰਹੀਆਂ ਨਵੀਆਂ ਪੀਆਰਟੀਸੀ ਜੂਨੀਅਰ ਬੱਸਾਂ ਦੇ ਰੂਟਾਂ ਸਬੰਧੀ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਜ਼ੋਰ ਦਿੱਤਾ ਕਿ ਇਨ੍ਹਾਂ ਬੱਸਾਂ ਨੂੰ ਲੋਕਾਂ ਦੀ ਆਵਾਜਾਈ ਦੀ ਲੋੜ ਅਨੁਸਾਰ ਅਜਿਹੇ ਰੂਟਾਂ ’ਤੇ ਚਲਾਉਣ ਦੀ ਯੋਜਨਾ ਬਣਾਈ ਜਾਵੇ, ਜਿੱਥੇ ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਹੋ ਸਕੇ ਅਤੇ ਸਵਾਰੀਆਂ ਨੂੰ ਇਸ ਦਾ ਸਿੱਧਾ ਲਾਭ ਮਿਲੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦੇਣ ਸਬੰਧੀ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ।

ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਸ਼ਹਿਰ ਦੇ ਅੰਦਰੂਨੀ ਰੂਟਾਂ ’ਤੇ ਵੱਧ ਤੋਂ ਵੱਧ ਬੱਸ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਪੁਰਾਣੇ ਬੱਸ ਸਟੈਂਡ ਪਟਿਆਲਾ ਨੂੰ ਰੂਟਾਂ ਦੇ ਨੈੱਟਵਰਕ ਰਾਹੀਂ ਬਿਹਤਰ ਢੰਗ ਨਾਲ ਜੋੜਨ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ, ਤਾਂ ਜੋ ਸਵਾਰੀਆਂ ਨੂੰ ਆਪਣੇ ਸਥਾਨਾਂ ਤੱਕ ਪਹੁੰਚਣ ਲਈ ਵਧੇਰੇ ਸੁਵਿਧਾਜਨਕ ਆਵਾਜਾਈ ਸਹੂਲਤ ਮਿਲ ਸਕੇ। ਮੀਟਿੰਗ ਦੌਰਾਨ ਵਿਚਾਰੇ ਗਏ ਵੱਖ-ਵੱਖ ਮੁੱਦਿਆਂ ’ਤੇ ਲੋੜੀਂਦੇ ਫ਼ੈਸਲੇ ਲਏ ਗਏ ਅਤੇ ਪੀਆਰਟੀਸੀ ਦੀ ਬਿਹਤਰੀ, ਸਵਾਰੀ ਸਹੂਲਤਾਂ ਵਿੱਚ ਵਾਧੇ ਅਤੇ ਵਿਭਾਗੀ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਅਗਲੇਰੀ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ ਗਿਆ।
ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ ਪੀਆਰਟੀਸੀ ਦਾ ਮੁੱਖ ਉਦੇਸ਼ ਲੋਕਾਂ ਨੂੰ ਸੁਰੱਖਿਅਤ, ਸੁਚਾਰੂ ਅਤੇ ਸੁਵਿਧਾਜਨਕ ਆਵਾਜਾਈ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਮੰਤਵ ਦੀ ਪੂਰਤੀ ਲਈ ਵਿਭਾਗ ਦੇ ਸਮੁੱਚੇ ਪ੍ਰਬੰਧਾਂ ਵਿੱਚ ਲਗਾਤਾਰ ਸੁਧਾਰ ਕਰਨਾ ਅਤੇ ਸਵਾਰੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਢੁਕਵੇਂ ਕਦਮ ਚੁੱਕਣਾ ਬੇਹੱਦ ਜ਼ਰੂਰੀ ਹੈ।

LEAVE A REPLY

Please enter your comment!
Please enter your name here