HomePunjabMalerkotlaਮਾਲੇਰਕੋਟਲਾ ਪੁਲਿਸ ਵੱਲੋਂ ਦੇਹਲੀਜ਼ ਕਲਾਂ ਵਿੱਚ ਗੈਰ-ਕਾਨੂੰਨੀ ਪਟਾਕੇ ਬਣਾਉਣ ਵਾਲੀ ਇਕਾਈ ਦਾ...

ਮਾਲੇਰਕੋਟਲਾ ਪੁਲਿਸ ਵੱਲੋਂ ਦੇਹਲੀਜ਼ ਕਲਾਂ ਵਿੱਚ ਗੈਰ-ਕਾਨੂੰਨੀ ਪਟਾਕੇ ਬਣਾਉਣ ਵਾਲੀ ਇਕਾਈ ਦਾ ਪਰਦਾਫਾਸ਼; ਵਿਸਫੋਟਕ ਸਮੱਗਰੀ ਬਰਾਮਦ, ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

* ਤਿਉਹਾਰਾਂ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਤਿੰਨ ਹੋਰ ਵਿਅਕਤੀ ਵੀ ਹਿਰਾਸਤ ਵਿੱਚ ਲਏ

* ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਬਣਾਉਣ ਦੇ ਗੈਰ-ਕਾਨੂੰਨੀ ਕੰਮ ਵਿਰੁੱਧ ਸਮੇਂ ਸਿਰ ਕਾਰਵਾਈ ਕਰਕੇ ਸੰਭਾਵੀ ਹਾਦਸਾ ਟਾਲਿਆ

ਮਾਲੇਰਕੋਟਲਾ: ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮਾਲੇਰਕੋਟਲਾ ਪੁਲਿਸ ਨੇ ਪਿੰਡ ਦੇਹਲੀਜ਼ ਕਲਾਂ ਵਿੱਚ ਬਿਨਾਂ ਲਾਇਸੈਂਸ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਬਣਾਉਣ ਅਤੇ ਵਿਸਫੋਟਕ ਸਮੱਗਰੀ ਤਿਆਰ ਕਰਨ ਤੇ ਸਟੋਰ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਪਟਾਕੇ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਦਕਿ ਸਾਵਧਾਨੀ ਵਜੋਂ ਤਿੰਨ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

                   ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਪਛਾਣ ਆਫ਼ਤਾਬ ਖ਼ਾਨ, ਵਾਸੀ ਸਰਪੁਰਬਾਸੀ, ਥਾਣਾ ਸ਼ਾਹਪੁਰ, ਤਹਿਸੀਲ ਬੁਢਾਨਾ, ਜ਼ਿਲ੍ਹਾ ਮੁਜ਼ੱਫਰਨਗਰ (ਉੱਤਰ ਪ੍ਰਦੇਸ਼), ਹਾਲ ਵਾਸੀ ਦੇਹਲੀਜ਼ ਕਲਾਂ; ਜਲਾਲੂਦੀਨ ਉਰਫ਼ ਜਾਨੀ, ਵਾਸੀ ਦੇਹਲੀਜ਼ ਕਲਾਂ; ਅਤੇ ਸੁਮਿਤ ਬਾਂਸਲ, ਵਾਸੀ ਬਾਂਸ ਬਾਜ਼ਾਰ, ਮਾਲੇਰਕੋਟਲਾ ਵਜੋਂ ਹੋਈ ਹੈ।

                   ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਐੱਸ.ਪੀ. (ਡੀ) ਰਮਨਦੀਪ ਭੁੱਲਰ, ਡੀ.ਐੱਸ.ਪੀ. ਸੁਮਿਤ ਸੂਦ ਅਤੇ ਥਾਣਾ ਸਦਰ ਅਹਿਮਦਗੜ੍ਹ ਦੇ ਮੁੱਖ ਅਫ਼ਸਰ ਦੀ ਅਗਵਾਈ ਹੇਠ ਕੀਤੀ ਗਈ। 13 ਅਕਤੂਬਰ ਦੀ ਸ਼ਾਮ ਨੂੰ ਥਾਣਾ ਸਦਰ ਅਹਿਮਦਗੜ੍ਹ ਦੀ ਪੁਲਿਸ ਟੀਮ ਗਸ਼ਤ ਕਰ ਰਹੀ ਸੀ। ਦੇਰ ਸ਼ਾਮ ਇੱਕ ਭਰੋਸੇਯੋਗ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਆਫ਼ਤਾਬ ਖ਼ਾਨ ਪਿੰਡ ਦੇਹਲੀਜ਼ ਕਲਾਂ ਸਥਿਤ ਸਾਇਮਨ ਪੈਲੇਸ ਵਿੱਚ ਪਟਾਕੇ ਬਣਾ ਰਿਹਾ ਹੈ। ਇਹ ਥਾਂ ਜਲਾਲੂਦੀਨ ਉਰਫ਼ ਜਾਨੀ ਦੀ ਮਲਕੀਅਤ ਦੱਸੀ ਗਈ ਹੈ। ਦੋਸ਼ ਹੈ ਕਿ ਪਟਾਕੇ ਬਣਾਉਣ ਲਈ ਕੱਚਾ ਮਾਲ ਸੁਮਿਤ ਬਾਂਸਲ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਸੀ। ਇਨ੍ਹਾਂ ਵਿੱਚੋਂ ਕਿਸੇ ਕੋਲ ਵੀ ਪਟਾਕੇ ਬਣਾਉਣ ਜਾਂ ਸਟੋਰ ਕਰਨ ਦਾ ਲਾਇਸੈਂਸ ਨਹੀਂ ਸੀ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਪਟਾਕੇ ਬਣਾਉਣ ਵਿੱਚ ਵਰਤੀ ਜਾਣ ਵਾਲੀ ਵੱਡੀ ਮਾਤਰਾ ਵਿੱਚ ਸਮੱਗਰੀ ਬਰਾਮਦ ਕੀਤੀ।

                   ਇਸ ਸਬੰਧੀ ਥਾਣਾ ਸਦਰ ਅਹਿਮਦਗੜ੍ਹ ਵਿਖੇ ਐੱਫ.ਆਈ.ਆਰ. ਨੰਬਰ 213, ਮਿਤੀ 13-10-2026, ਵਿਸਫੋਟਕ ਐਕਟ, 1884 ਦੀਆਂ ਧਾਰਾਵਾਂ 9ਬੀ(1)(ਏ) ਅਤੇ 9ਬੀ(2) ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 3(5) ਤਹਿਤ ਕੇਸ ਦਰਜ ਕੀਤਾ ਗਿਆ ਹੈ।

                   ਐੱਸ.ਐੱਸ.ਪੀ. ਖੱਖ ਨੇ ਕਿਹਾ, “ਬਿਨਾਂ ਲਾਇਸੈਂਸ ਪਟਾਕੇ ਬਣਾਉਣਾ ਬੇਹੱਦ ਖ਼ਤਰਨਾਕ ਹੈ, ਖ਼ਾਸ ਕਰਕੇ ਜਦੋਂ ਨੇੜੇ ਹੀ ਪਰਿਵਾਰ ਰਹਿੰਦੇ ਹੋਣ। ਇੱਕ ਛੋਟੀ ਜਿਹੀ ਗ਼ਲਤੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਉੱਥੇ ਕੰਮ ਕਰ ਰਹੇ ਤਿੰਨ ਹੋਰ ਵਿਅਕਤੀਆਂ ਨੂੰ ਵੀ ਸਾਵਧਾਨੀ ਵਜੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕੱਚਾ ਮਾਲ ਕਿੱਥੋਂ ਲਿਆਂਦਾ ਗਿਆ ਸੀ।”

                   ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਵਿੱਚ ਹੋਰ ਸ਼ਾਮਲ ਵਿਅਕਤੀਆਂ ਦਾ ਪਤਾ ਲਗਾਉਣ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਜਾਂਚ ਦੌਰਾਨ ਜੋ ਵੀ ਵਿਅਕਤੀ ਇਸ ਮਾਮਲੇ ਵਿੱਚ ਸ਼ਾਮਲ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਐੱਸ.ਐੱਸ.ਪੀ. ਖੱਖ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਕਿਤੇ ਵੀ ਬਿਨਾਂ ਲਾਇਸੈਂਸ ਪਟਾਕੇ ਜਾਂ ਹੋਰ ਵਿਸਫੋਟਕ ਸਮੱਗਰੀ ਬਣਾਉਣ ਜਾਂ ਸਟੋਰ ਕਰਨ ਸਬੰਧੀ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕਰਨ, ਤਾਂ ਜੋ ਕਿਸੇ ਵੀ ਸੰਭਾਵੀ ਹਾਦਸੇ ਨੂੰ ਸਮੇਂ ਸਿਰ ਰੋਕਿਆ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments