Thursday, July 16, 2026
Home Patiala Updates ਪੀਆਰਟੀਸੀ ਚੇਅਰਮੈਨ ਹਰਪਾਲ ਜੁਨੇਜਾ, ਐੱਮ.ਡੀ ਮਨੀਸ਼ਾ ਰਾਣਾ ਦੇ ਯਤਨਾਂ ਸਦਕਾ ਪੀਆਰਟੀਸੀ ਵਿੱਚ...

ਪੀਆਰਟੀਸੀ ਚੇਅਰਮੈਨ ਹਰਪਾਲ ਜੁਨੇਜਾ, ਐੱਮ.ਡੀ ਮਨੀਸ਼ਾ ਰਾਣਾ ਦੇ ਯਤਨਾਂ ਸਦਕਾ ਪੀਆਰਟੀਸੀ ਵਿੱਚ ਲਗਾਈ ਲੋਕ ਅਦਾਲਤ

0
4

ਪਟਿਆਲਾ, 15 ਜੁਲਾਈ:

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਦੀ ਦੂਰਅੰਦੇਸ਼, ਮਨੁੱਖਤਾ-ਪੱਖੀ ਅਤੇ ਕਰਮਚਾਰੀ ਹਿੱਤਾਂ ਨੂੰ ਸਮਰਪਿਤ ਸੋਚ ਦੇ ਸਦਕਾ ਅੱਜ ਪੀਆਰਟੀਸੀ ਮੁੱਖ ਦਫ਼ਤਰ ਵਿਖੇ ਇੱਕ ਵਿਸ਼ੇਸ਼ ਲੋਕ ਅਦਾਲਤ ਲਗਾਈ ਗਈ। ਇਸ ਉਪਰਾਲੇ ਦਾ ਮੁੱਖ ਉਦੇਸ਼ ਉਨ੍ਹਾਂ ਕਰਮਚਾਰੀਆਂ ਨੂੰ ਨਿਰਪੱਖ ਢੰਗ ਨਾਲ ਇਨਸਾਫ਼ ਪ੍ਰਦਾਨ ਕਰਨਾ ਸੀ, ਜੋ ਬੀਤੇ ਸਮੇਂ ਦੌਰਾਨ ਗ਼ੈਰ-ਹਾਜ਼ਰੀ ਜਾਂ ਮਾਮੂਲੀ ਵਿੱਤੀ ਬੇਨਿਯਮੀਆਂ ਕਾਰਨ ਆਪਣੀ ਨੌਕਰੀ ਤੋਂ ਵਾਂਝੇ ਹੋ ਗਏ ਸਨ।
ਲੋਕ ਅਦਾਲਤ ਦੌਰਾਨ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਅਤੇ ਜਨਰਲ ਮੈਨੇਜਰ (ਪ੍ਰਸ਼ਾਸਨ) ਮਨਿੰਦਰਪਾਲ ਸਿੱਧੂ ਨੇ ਹਰੇਕ ਕੇਸ ਦੀ ਵੱਖ-ਵੱਖ ਤੌਰ ‘ਤੇ ਗੰਭੀਰਤਾ ਨਾਲ ਸੁਣਵਾਈ ਕੀਤੀ। ਸਬੰਧਤ ਕਰਮਚਾਰੀਆਂ ਦੇ ਸਮੁੱਚੇ ਸੇਵਾ ਰਿਕਾਰਡ, ਇਮਾਨਦਾਰੀ, ਪਿਛਲੀ ਕਾਰਗੁਜ਼ਾਰੀ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਫ਼ੈਸਲੇ ਲਏ ਗਏ। ਇਸ ਪ੍ਰਕਿਰਿਆ ਉਪਰੰਤ ਯੋਗ ਪਾਏ ਗਏ ਡਰਾਈਵਰਾਂ, ਕੰਡਕਟਰਾਂ ਨੂੰ ਮੁੜ ਸੇਵਾ ਵਿੱਚ ਬਹਾਲ ਕੀਤਾ ਗਿਆ।
ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ “ਅਨੁਸ਼ਾਸਨ ਕਿਸੇ ਵੀ ਸੰਸਥਾ ਦੀ ਬੁਨਿਆਦ ਹੈ, ਪਰ ਜਿੱਥੇ ਸੁਧਾਰ ਦੀ ਗੁੰਜਾਇਸ਼ ਹੋਵੇ, ਉੱਥੇ ਇੱਕ ਮੌਕਾ ਦੇਣਾ ਵੀ ਇਨਸਾਫ਼ ਦਾ ਅਹਿਮ ਹਿੱਸਾ ਹੈ। ਪੀਆਰਟੀਸੀ ਆਪਣੇ ਕਰਮਚਾਰੀਆਂ ਨੂੰ ਕੇਵਲ ਮੁਲਾਜ਼ਮ ਨਹੀਂ, ਸਗੋਂ ਆਪਣੇ ਪਰਿਵਾਰ ਦਾ ਹਿੱਸਾ ਸਮਝਦੀ ਹੈ।”
ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਕਰਮਚਾਰੀਆਂ ਵਿੱਚ ਭਰੋਸਾ, ਜ਼ਿੰਮੇਵਾਰੀ ਅਤੇ ਪੀਆਰਟੀਸੀ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਹਰ ਕਰਮਚਾਰੀ ਨਵੀਂ ਊਰਜਾ ਅਤੇ ਵਚਨਬੱਧਤਾ ਨਾਲ ਪੀਆਰਟੀਸੀ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕੇ।
ਪੀਆਰਟੀਸੀ ਪਰਿਵਾਰ ਵਿੱਚ ਮੁੜ ਸ਼ਾਮਲ ਹੋਏ ਸਮੂਹ ਡਰਾਈਵਰਾਂ, ਕੰਡਕਟਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ। ਇਹ ਉਪਰਾਲਾ ਪੀਆਰਟੀਸੀ ਵਿੱਚ ਨਿਆਂ, ਪਾਰਦਰਸ਼ਤਾ, ਮਨੁੱਖੀ ਸੰਵੇਦਨਸ਼ੀਲਤਾ ਅਤੇ ਕਰਮਚਾਰੀ ਭਲਾਈ ਪ੍ਰਤੀ ਪ੍ਰਬੰਧਨ ਦੀ ਵਚਨਬੱਧਤਾ ਦਾ ਇੱਕ ਹੋਰ ਮਜ਼ਬੂਤ ਪ੍ਰਮਾਣ ਹੈ।

LEAVE A REPLY

Please enter your comment!
Please enter your name here