ਖੰਨਾ: ਪੁਲਸ ਜ਼ਿਲ੍ਹਾ ਖੰਨਾ ਦੇ ਮਾਛੀਵਾੜਾ ਥਾਣੇ ਵਿੱਚ ਅੱਜ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਥਾਣੇ ਦੀ ਚਾਰਦਿਵਾਰੀ ਅੰਦਰ ਹੀ ਨਿਹੰਗ ਸਿੰਘਾਂ ਵੱਲੋਂ ਦੂਜੀ ਧਿਰ ’ਤੇ ਕਿਰਪਾਨਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਦੂਜੀ ਧਿਰ ਆਪਣੇ ਉੱਪਰ ਹੋਏ ਹਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਪਹੁੰਚੀ ਹੋਈ ਸੀ।
ਇਸ ਖੂਨੀ ਝੜਪ ਵਿੱਚ ਪਰਮਿੰਦਰ ਸਿੰਘ, ਕਮਲਜੀਤ ਸਿੰਘ ਅਤੇ ਤੇਜਿੰਦਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਇੱਕ ਵਿਅਕਤੀ ਦੀ ਗਰਦਨ ’ਤੇ ਕਿਰਪਾਨ ਦਾ ਗੰਭੀਰ ਨਿਸ਼ਾਨ ਲੱਗਿਆ, ਜਦਕਿ ਦੂਜੇ ਦੋ ਵਿਅਕਤੀਆਂ ਦੇ ਹੱਥਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ। ਜਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ Tarochan Singh ਨੇ ਦੱਸਿਆ ਕਿ ਪਿੰਡ ਭੱਟੀਆਂ ਦੇ ਰਹਿਣ ਵਾਲੇ ਰਵਿੰਦਰ ਸਿੰਘ ਉਰਫ ਬਿੰਦਾ ਅਤੇ ਅਮਨਜੋਤ ਸਿੰਘ ਵੱਲੋਂ ਇੱਕ ਦਿਨ ਪਹਿਲਾਂ ਪਿੰਡ ਇਰਾਕ ਵਿੱਚ ਇੱਕ ਘਰ ’ਤੇ ਇੱਟਾਂ ਅਤੇ ਰੋੜੇ ਮਾਰ ਕੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਨਿਰਭੈ ਸਿੰਘ ਨਾਮਕ ਵਿਅਕਤੀ ਵੀ ਜਖਮੀ ਹੋਇਆ ਸੀ ਜੋ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਡੀਐਸਪੀ ਨੇ ਦੱਸਿਆ ਕਿ ਥਾਣੇ ਵਿੱਚ ਹੰਗਾਮੇ ਦੌਰਾਨ ਪੁਲਸ ਨੂੰ ਸਥਿਤੀ ਕਾਬੂ ਕਰਨ ਲਈ ਕਾਫੀ ਜਤਨ ਕਰਨੇ ਪਏ। ਮੌਕੇ ’ਤੇ ਦੋਵੇਂ ਨਿਹੰਗ ਸਿੰਘਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਗੱਡੀ ਵਿੱਚੋਂ ਇੱਕ ਏਅਰਗੰਨ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਸਖ਼ਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਦੌਰਾਨ ਸ਼ਿਕਾਇਤਕਰਤਾ ਜਗਰੂਪ ਸਿੰਘ ਅਤੇ ਮਨਵੀਰ ਸਿੰਘ ਨੇ ਦੋਸ਼ ਲਗਾਇਆ ਕਿ ਰਵਿੰਦਰ ਸਿੰਘ ਬਿੰਦਾ ਬਾਣੇ ਦੀ ਆੜ੍ਹ ਹੇਠ ਨਸ਼ੀਲੇ ਪਦਾਰਥ ਵੇਚਦਾ ਹੈ ਅਤੇ ਸੜਕ ’ਤੇ ਗੈਰਕਾਨੂੰਨੀ ਕਬਜ਼ਾ ਕਰਕੇ ਝੋਂਪੜੀ ਬਣਾਈ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕਾਂ ਨੂੰ ਡਰਾ-ਧਮਕਾ ਕੇ ਇਲਾਕੇ ਵਿੱਚ ਦਹਿਸ਼ਤ ਪੈਦਾ ਕਰਦਾ ਹੈ।
ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਨਸ਼ਾ ਵੇਚਣ ਦੇ ਦੋਸ਼ਾਂ ਦੀ ਵੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।






