Thursday, July 16, 2026
Home Punjab ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਬਦਲੀ ਕਰਵਟ, 24 ਫਰਵਰੀ ਤੱਕ ਆਸਮਾਨ...

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਬਦਲੀ ਕਰਵਟ, 24 ਫਰਵਰੀ ਤੱਕ ਆਸਮਾਨ ਸਾਫ਼

0
44

ਚੰਡੀਗੜ੍ਹ/ਪੰਜਾਬ: ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਅਨੁਸਾਰ 24 ਫਰਵਰੀ ਤੱਕ ਆਸਮਾਨ ਪੂਰੀ ਤਰ੍ਹਾਂ ਸਾਫ਼ ਰਹੇਗਾ ਅਤੇ ਮੌਸਮ ਖੁਸ਼ਕ ਬਣਿਆ ਰਹੇਗਾ। ਰਾਹਤ ਦੀ ਗੱਲ ਇਹ ਹੈ ਕਿ ਫਿਲਹਾਲ ਨਾ ਤਾਂ ਮੀਂਹ ਦੀ ਸੰਭਾਵਨਾ ਹੈ ਅਤੇ ਨਾ ਹੀ ਸੰਘਣੀ ਧੁੰਦ ਦੇ ਆਸਾਰ ਜਤਾਏ ਗਏ ਹਨ।

ਭਾਵੇਂ ਦਿਨ ਦੇ ਸਮੇਂ ਧੁੱਪ ਤਿੱਖੀ ਨਿਕਲ ਰਹੀ ਹੈ, ਪਰ ਉੱਤਰੀ ਦਿਸ਼ਾ ਤੋਂ ਆ ਰਹੀਆਂ ਸਰਦ ਹਵਾਵਾਂ ਕਰਕੇ ਠੰਢਕ ਦਾ ਅਹਿਸਾਸ ਜਾਰੀ ਰਹੇਗਾ। ਖ਼ਾਸ ਕਰਕੇ ਸਵੇਰ ਅਤੇ ਸ਼ਾਮ ਦੇ ਵੇਲੇ ਹਵਾ ਵਿੱਚ ਚੁਭਨ ਮਹਿਸੂਸ ਕੀਤੀ ਜਾ ਰਹੀ ਹੈ।

ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 1.9 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਹਾਲਾਂਕਿ ਇਹ ਅਜੇ ਵੀ ਆਮ ਨਾਲੋਂ ਲਗਭਗ 2.5 ਡਿਗਰੀ ਵੱਧ ਚੱਲ ਰਿਹਾ ਹੈ।ਲੁਧਿਆਣਾ ਵਿੱਚ ਸਭ ਤੋਂ ਵੱਧ ਤਾਪਮਾਨ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਇਹ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਦੇ ਅਨੁਸਾਰ ਇਸ ਵੇਲੇ ਇੱਕ ਪੱਛਮੀ ਵਿਕਸ਼ੋਭ ਪਾਕਿਸਤਾਨ ਅਤੇ ਪੰਜਾਬ ਦੇ ਹਵਾ ਮੰਡਲ ਵਿੱਚ ਸਰਗਰਮ ਹੈ। ਇਸ ਕਾਰਨ ਹਵਾਵਾਂ ਦੀ ਦਿਸ਼ਾ ਵਿੱਚ ਬਦਲਾਅ ਆ ਰਿਹਾ ਹੈ, ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ’ਤੇ ਵੀ ਪਵੇਗਾ।

ਅਗਲੇ ਦੋ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਦੀ ਕਮੀ ਆ ਸਕਦੀ ਹੈ। ਇਸ ਨਾਲ ਰਾਤ ਅਤੇ ਸਵੇਰ ਦੇ ਵੇਲੇ ਠੰਢ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਮੌਸਮ ਵਿੱਚ ਆ ਰਹੇ ਇਸ ਬਦਲਾਅ ਨੂੰ ਦੇਖਦੇ ਹੋਏ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਦਿਨ ਵਿੱਚ ਧੁੱਪ ਹੋਣ ਦੇ ਬਾਵਜੂਦ ਸਵੇਰ ਅਤੇ ਰਾਤ ਦੀ ਠੰਢ ਤੋਂ ਬਚਾਅ ਲਈ ਗਰਮ ਕੱਪੜਿਆਂ ਦੀ ਵਰਤੋਂ ਜਾਰੀ ਰੱਖਣ।

LEAVE A REPLY

Please enter your comment!
Please enter your name here