ਸ਼੍ਰੀਨਗਰ: ਕਸ਼ਮੀਰ ਘਾਟੀ ਵਿੱਚ ਅੱਤਵਾਦ ਨਾਲ ਜੁੜੀ ਫੰਡਿੰਗ ਅਤੇ ਸਹਾਇਤਾ ਨੈੱਟਵਰਕ ਦੀ ਜਾਂਚ ਤਹਿਤ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਵੱਲੋਂ ਸੋਮਵਾਰ ਨੂੰ ਵੱਡੇ ਪੈਮਾਨੇ ‘ਤੇ ਛਾਪੇਮਾਰੀ ਕੀਤੀ ਗਈ। ਇਹ ਛਾਪੇ ਸ਼੍ਰੀਨਗਰ, ਸੋਪੋਰ ਅਤੇ ਬਾਂਦੀਪੋਰਾ ਦੇ ਵੱਖ-ਵੱਖ ਇਲਾਕਿਆਂ ਵਿੱਚ ਮਾਰੇ ਗਏ।
ਅਧਿਕਾਰੀਆਂ ਅਨੁਸਾਰ, ਐਨ.ਆਈ.ਏ. ਦੀਆਂ ਟੀਮਾਂ ਨੇ ਸਥਾਨਕ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਮਦਦ ਨਾਲ ਇੱਕੋ ਸਮੇਂ ਕਈ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਨਾਲ ਜੁੜੀਆਂ ਰਿਹਾਇਸ਼ੀ ਥਾਵਾਂ ਅਤੇ ਹੋਰ ਸਥਾਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਘਾਟੀ ਵਿੱਚ ਸਰਗਰਮ ਅੱਤਵਾਦੀ ਫੰਡਿੰਗ ਅਤੇ ਸਪੋਰਟ ਨੈੱਟਵਰਕ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ। ਅਧਿਕਾਰੀ ਮੁਤਾਬਕ, ਇਹ ਛਾਪੇ ਉਸ ਵੱਡੀ ਜਾਂਚ ਦਾ ਹਿੱਸਾ ਹਨ, ਜਿਸਦਾ ਮਕਸਦ ਅੱਤਵਾਦੀ ਗਤੀਵਿਧੀਆਂ ਲਈ ਹੋ ਰਹੀ ਆਰਥਿਕ ਸਹਾਇਤਾ ਦੀ ਕੜੀ ਤੋੜਨਾ ਹੈ।
ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਵਿੱਚ ਅੱਗੇ ਵੀ ਜਾਂਚ ਜਾਰੀ ਹੈ ਅਤੇ ਜ਼ਰੂਰਤ ਪੈਣ ‘ਤੇ ਹੋਰ ਥਾਵਾਂ ‘ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ।







