Home Punjab ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਲੁਧਿਆਣਾ ਵਿੱਚ ਨਗਰ ਕੀਰਤਨ,...

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਲੁਧਿਆਣਾ ਵਿੱਚ ਨਗਰ ਕੀਰਤਨ, ਟ੍ਰੈਫਿਕ ਲਈ ਵਿਸ਼ੇਸ਼ ਰੂਟ ਪਲਾਨ ਲਾਗੂ

0
40

ਲੁਧਿਆਣਾ : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ ਦੁਪਹਿਰ ਕਰੀਬ 1 ਵਜੇ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ, ਬਸਤੀ ਜੋਧੇਵਾਲ ਚੌਕ ਤੋਂ ਰਵਾਨਾ ਹੋਵੇਗਾ। ਨਗਰ ਕੀਰਤਨ ਦੌਰਾਨ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਸੁਚੱਜੀ ਬਣਾਈ ਰੱਖਣ ਅਤੇ ਜਾਮ ਤੋਂ ਬਚਾਅ ਲਈ ਲੁਧਿਆਣਾ ਪੁਲਿਸ ਵੱਲੋਂ ਵਿਸ਼ੇਸ਼ ਟ੍ਰੈਫਿਕ ਰੂਟ ਪਲਾਨ ਲਾਗੂ ਕੀਤਾ ਗਿਆ ਹੈ।

ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਨਗਰ ਕੀਰਤਨ ਦੇ ਰੂਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਥਾਵਾਂ ‘ਤੇ ਆਵਾਜਾਈ ‘ਤੇ ਪਾਬੰਦੀ ਰਹੇਗੀ ਅਤੇ ਵਾਹਨਾਂ ਨੂੰ ਡਾਇਵਰਸ਼ਨ ਦੇ ਕੇ ਵੱਖ-ਵੱਖ ਰਾਹਾਂ ਵੱਲ ਮੋੜਿਆ ਜਾਵੇਗਾ।

ਇਨ੍ਹਾਂ ਥਾਵਾਂ ‘ਤੇ ਟ੍ਰੈਫਿਕ ਰਹੇਗਾ ਪ੍ਰਭਾਵਿਤ:
ਮੱਤੇਵਾੜਾ ਚੌਕੀ ਤੋਂ ਬਸਤੀ ਚੌਕ ਵੱਲ ਭਾਰੀ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਰਾਹੋਂ ਰੋਡ ਟੋਲ ਪਲਾਜ਼ਾ ਤੋਂ ਬਸਤੀ ਚੌਕ ਵੱਲ ਆਉਣ ਵਾਲੇ ਭਾਰੀ ਅਤੇ ਵਪਾਰਕ ਵਾਹਨਾਂ ਨੂੰ ਜਗੀਰਪੁਰ ਵੱਲ ਮੋੜਿਆ ਜਾਵੇਗਾ। ਗਹਿਲੇਵਾਲ ਮੋੜ ਤੋਂ ਡਾਇਵਰਸ਼ਨ ਦਿੱਤਾ ਜਾਵੇਗਾ। ਕਸਾਨਾ ਸਵੀਟ ਸ਼ਾਪ, ਬੁਲੇਟ ਮੋਟਰਸਾਈਕਲ ਏਜੰਸੀ, ਲੋਂਗੀਆ ਸਟੀਲ ਕੱਟ ਅਤੇ ਹਿਮਾਲਿਆ ਬੇਕਰੀ ਤੋਂ ਬਸਤੀ ਚੌਕ ਵੱਲ ਜਾਣ ਵਾਲੀ ਆਵਾਜਾਈ ‘ਤੇ ਪਾਬੰਦੀ ਰਹੇਗੀ।

ਇਸ ਤੋਂ ਇਲਾਵਾ ਬਾਬਾ ਥਾਨ ਸਿੰਘ ਚੌਕ, ਸੀ.ਐਮ.ਸੀ. ਚੌਕ, ਸਿਵਲ ਹਸਪਤਾਲ ਟੀ-ਪੁਆਇੰਟ, ਵਿਸ਼ਵਕਰਮਾ ਚੌਕ, ਦੁਰਗਾ ਮਾਤਾ ਮੰਦਰ, ਸਥਾਨਕ ਬੱਸ ਸਟੈਂਡ, ਜਲੰਧਰ ਬਾਈਪਾਸ ਚੌਕ, ਚਾਂਦ ਸਿਨੇਮਾ ਪੁਲ, ਗੰਦੇ ਨਾਲੇ ਦਾ ਪੁਲ, ਪੁਰਾਣਾ ਸੈਸ਼ਨ ਚੌਕ, ਮਾਤਾ ਰਾਣੀ ਚੌਕ ਅਤੇ ਪੁਰਾਣੀ ਸਬਜ਼ੀ ਮੰਡੀ ਵਰਗੇ ਇਲਾਕਿਆਂ ਵਿੱਚ ਵੀ ਆਵਾਜਾਈ ਪੂਰੀ ਜਾਂ ਅੰਸ਼ਿਕ ਤੌਰ ‘ਤੇ ਬੰਦ ਰਹੇਗੀ।

ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਗਰ ਕੀਰਤਨ ਦੌਰਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਪੁਲਿਸ ਵੱਲੋਂ ਜਾਰੀ ਰੂਟ ਪਲਾਨ ਦੇ ਅਨੁਸਾਰ ਹੀ ਸਫ਼ਰ ਕਰਨ ਅਤੇ ਸੰਭਵ ਹੋਵੇ ਤਾਂ ਵਿਕਲਪੀ ਰਾਹਾਂ ਦੀ ਵਰਤੋਂ ਕਰਨ, ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here