ਮੋਹਾਲੀ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਦੀ ਬਾਰਿਸ਼ ’ਤੇ ਅਸਥਾਈ ਤੌਰ ’ਤੇ ਬਰੇਕ ਲੱਗ ਗਈ ਹੈ। ਬਾਰਿਸ਼ ਦੀਆਂ ਗਤੀਵਿਧੀਆਂ ਘਟਣ ਕਾਰਨ ਸੂਬੇ ਵਿੱਚ ਤਾਪਮਾਨ ਅਤੇ ਹਵਾ ਵਿੱਚ ਨਮੀ ਇੱਕ ਵਾਰ ਫਿਰ ਵਧਣ ਲੱਗੀ ਹੈ। ਗਰਮੀ ਦੇ ਨਾਲ ਵਧੀ ਨਮੀ ਕਾਰਨ ਲੋਕਾਂ ਨੂੰ ਹੁੰਮਸ ਭਰੇ ਮੌਸਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ 15 ਜੁਲਾਈ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਗਰਮ ਅਤੇ ਨਮੀ ਵਾਲਾ ਮੌਸਮ ਬਣਿਆ ਰਹਿ ਸਕਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਵਧੀ ਹੁੰਮਸ ਕਾਰਨ ਲੋਕਾਂ ਨੂੰ ਆਮ ਨਾਲੋਂ ਵੱਧ ਗਰਮੀ ਮਹਿਸੂਸ ਹੋ ਸਕਦੀ ਹੈ।
ਇਸ ਦੇ ਨਾਲ ਹੀ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਪਠਾਨਕੋਟ ਜ਼ਿਲ੍ਹੇ ਵਿੱਚ ਕੁਝ ਥਾਵਾਂ ’ਤੇ ਬਾਰਿਸ਼ ਹੋ ਸਕਦੀ ਹੈ, ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਰੂਪਨਗਰ ਅਤੇ ਮੋਹਾਲੀ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੇ ਆਸਾਰ ਹਨ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ।
ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 39.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਨਸੂਨ ਦੀਆਂ ਗਤੀਵਿਧੀਆਂ ਕਮਜ਼ੋਰ ਹੋਣ ਕਾਰਨ ਆਉਣ ਵਾਲੇ ਸਮੇਂ ਦੌਰਾਨ ਕਈ ਇਲਾਕਿਆਂ ਵਿੱਚ ਗਰਮੀ ਅਤੇ ਹੁੰਮਸ ਦਾ ਪ੍ਰਭਾਵ ਜਾਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਅਸਥਾਈ ਰਾਹਤ ਮਿਲ ਸਕਦੀ ਹੈ।







