ਹੈਦਰਾਬਾਦ ਸਾਈਬਰ ਕ੍ਰਾਈਮ ਪੁਲੀਸ ਨੇ ਨੀਟ (NEET) ਪੇਪਰ ਲੀਕ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਵਾਲੀ ਕਥਿਤ ਤੌਰ ‘ਤੇ ਤੋੜੀ-ਮਰੋੜੀ ਅਤੇ ਇਤਰਾਜ਼ਯੋਗ ਸਮੱਗਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕਰਨ ਦੇ ਮਾਮਲੇ ਵਿੱਚ ਮੇਟਾ ਇੰਡੀਆ ਦੇ ਮੁਖੀ ਅਤੇ ਕਈ ਫੇਸਬੁੱਕ ਤੇ ਇੰਸਟਾਗ੍ਰਾਮ ਖਾਤਿਆਂ ਦੇ ਸੰਚਾਲਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਸਮੱਗਰੀ ਕੌਕਰੋਚ ਜਨਤਾ ਪਾਰਟੀ (ਸੀਜੇਪੀ) ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨ ਨਾਲ ਜੁੜੀ ਦੱਸੀ ਜਾ ਰਹੀ ਹੈ।
ਐੱਫਆਈਆਰ ਮੁਤਾਬਕ, 29 ਜੁਲਾਈ ਸ਼ਾਮ ਕਰੀਬ 7:40 ਵਜੇ ਬੀਜੇਪੀ ਤੇਲੰਗਾਨਾ ਦੇ ਸੋਸ਼ਲ ਮੀਡੀਆ ਸੀਸੀ ਮੈਂਬਰ ਟੀ. ਸਾਈ ਕਿਰਨ ਗੌੜ ਨੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਉਸੇ ਦਿਨ ਦੁਪਹਿਰ ਕਰੀਬ 2 ਵਜੇ ਸੋਸ਼ਲ ਮੀਡੀਆ ਵਰਤਦੇ ਸਮੇਂ ਉਨ੍ਹਾਂ ਨੂੰ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਅਜਿਹੀਆਂ ਰੀਲਾਂ ਅਤੇ ਪੋਸਟਾਂ ਨਜ਼ਰ ਆਈਆਂ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਪ੍ਰਤੀ ਕਥਿਤ ਤੌਰ ‘ਤੇ ਅਪਮਾਨਜਨਕ ਸਮੱਗਰੀ ਸੀ ਅਤੇ ਜੋ ਰਾਸ਼ਟਰੀ ਅਖੰਡਤਾ ਨੂੰ ਪ੍ਰਭਾਵਿਤ ਕਰਨ ਵਾਲੇ ਬਿਰਤਾਂਤਾਂ ਨੂੰ ਉਤਸ਼ਾਹਿਤ ਕਰਦੀਆਂ ਦਿਖਾਈ ਦਿੱਤੀਆਂ।
ਸ਼ਿਕਾਇਤਕਰਤਾ ਨੇ ਪੁਲੀਸ ਨੂੰ 20 ਇੰਸਟਾਗ੍ਰਾਮ ਅਤੇ ਫੇਸਬੁੱਕ ਯੂਆਰਐੱਲ (URLs) ਮੁਹੱਈਆ ਕਰਵਾਏ ਅਤੇ ਦੋਸ਼ ਲਗਾਇਆ ਕਿ ਇਹ ਸਮੱਗਰੀ ਨਫ਼ਰਤ ਫੈਲਾ ਸਕਦੀ ਹੈ, ਗਲਤ ਜਾਣਕਾਰੀ ਨੂੰ ਉਤਸ਼ਾਹਿਤ ਕਰ ਸਕਦੀ ਹੈ, ਸਮਾਜ ਵਿੱਚ ਦੁਸ਼ਮਣੀ ਵਧਾ ਸਕਦੀ ਹੈ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ।
ਗੌੜ ਨੇ ਪੁਲੀਸ ਤੋਂ ਇਲੈਕਟ੍ਰਾਨਿਕ ਸਬੂਤ ਸੁਰੱਖਿਅਤ ਕਰਨ, ਖਾਤਿਆਂ ਦੇ ਸੰਚਾਲਕਾਂ ਦੀ ਪਛਾਣ ਕਰਨ, ਮੇਟਾ ਪਲੇਟਫਾਰਮਸ ਤੋਂ ਖਾਤਿਆਂ ਦੀ ਜਾਣਕਾਰੀ ਹਾਸਲ ਕਰਨ ਅਤੇ ਪੂਰੀ ਜਾਂਚ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਥਿਤ ਤੌਰ ‘ਤੇ ਅਜਿਹੀ ਸਮੱਗਰੀ ਨੂੰ ਆਪਣੇ ਪਲੇਟਫਾਰਮ ‘ਤੇ ਰਹਿਣ ਦੇਣ ਲਈ ਮੇਟਾ ਵਿਰੁੱਧ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਸ਼ਿਕਾਇਤ ਦੇ ਆਧਾਰ ‘ਤੇ ਹੈਦਰਾਬਾਦ ਸਾਈਬਰ ਕ੍ਰਾਈਮ ਪੁਲੀਸ ਨੇ ਆਈਟੀ ਐਕਟ ਦੀਆਂ ਧਾਰਾਵਾਂ 66(C), 67 ਅਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 353(2) ਅਤੇ 336(4) ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੀ ਜਾਂਚ ਇੰਸਪੈਕਟਰ ਪੀ. ਜਯਾਸ਼ੰਕਰ ਨੂੰ ਸੌਂਪੀ ਗਈ ਹੈ।






