ਕਰਨਾਲ: ਹਰਿਆਣਾ ਦੇ ਕਰਨਾਲ ਵਿੱਚ ਸਟੇਟ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਨੇ ਵੱਡੀ ਕਾਰਵਾਈ ਕਰਦਿਆਂ ਸੈਕਟਰ-9 ਪੁਲਿਸ ਚੌਕੀ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਨੂੰ 3 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਦੂਜਾ ਮੁਲਜ਼ਮ ਹੈੱਡ ਕਾਂਸਟੇਬਲ ਮਹਾਦੇਵ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਲਈ ਏਸੀਬੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਏਸੀਬੀ ਦੇ ਅਨੁਸਾਰ ਦੋਵੇਂ ਪੁਲਿਸ ਮੁਲਾਜ਼ਮ ਕੁੱਟਮਾਰ ਦੇ ਇੱਕ ਮਾਮਲੇ ਵਿੱਚ ਜ਼ਬਤ ਕੀਤੇ ਸਕੂਟਰ ਨੂੰ ਛੱਡਣ ਦੇ ਬਦਲੇ ਪਹਿਲਾਂ 4 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਹੇ ਸਨ। ਸ਼ਿਕਾਇਤਕਰਤਾ ਦੀ ਸ਼ਿਕਾਇਤ ਤੋਂ ਬਾਅਦ ਏਸੀਬੀ ਨੇ ਜਾਲ ਵਿਛਾਇਆ। ਬਾਅਦ ਵਿੱਚ ਮੁਲਜ਼ਮ 3 ਹਜ਼ਾਰ ਰੁਪਏ ਲੈਣ ਲਈ ਰਾਜ਼ੀ ਹੋ ਗਏ। ਏਸੀਬੀ ਨੇ ਰਿਸ਼ਵਤ ਲਈ ਵਰਤੇ ਜਾਣ ਵਾਲੇ ਨੋਟਾਂ ‘ਤੇ ਵਿਸ਼ੇਸ਼ ਕੈਮੀਕਲ ਲਗਾ ਕੇ ਸ਼ਿਕਾਇਤਕਰਤਾ ਨੂੰ ਦਿੱਤੇ ਅਤੇ ਯੋਜਨਾ ਅਨੁਸਾਰ ਕਾਰਵਾਈ ਕੀਤੀ।
ਜਿਵੇਂ ਹੀ ਸ਼ਿਕਾਇਤਕਰਤਾ ਨੇ ਪੁਲਿਸ ਚੌਕੀ ਵਿੱਚ ਸੰਜੀਵ ਕੁਮਾਰ ਨੂੰ 3 ਹਜ਼ਾਰ ਰੁਪਏ ਦਿੱਤੇ, ਪਹਿਲਾਂ ਤੋਂ ਮੌਜੂਦ ਏਸੀਬੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਟੀਮ ਦੇ ਪਹੁੰਚਣ ਦੀ ਸੂਚਨਾ ਮਿਲਦੇ ਹੀ ਦੂਜਾ ਮੁਲਜ਼ਮ ਮਹਾਦੇਵ ਫਰਾਰ ਹੋ ਗਿਆ। ਏਸੀਬੀ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ, 1988 ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ। ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਦਕਿ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵੱਖਰੀ ਟੀਮ ਤਾਇਨਾਤ ਕੀਤੀ ਗਈ ਹੈ।






