ਫਰੀਦਕੋਟ: ਵਿੱਚ ਪੁਲਿਸ ਨੇ ਇੱਕ ਅਹਿਮ ਕਾਰਵਾਈ ਦੌਰਾਨ ਇੱਕ ਨੌਜਵਾਨ ਨੂੰ ਨਾਜਾਇਜ਼ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ।
ਥਾਣਾ ਬਾਜਾਖਾਨਾ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ 9 ਐਮਐਮ ਗਲੌਕ ਪਿਸਤੌਲ, ਇੱਕ ਮੈਗਜ਼ੀਨ ਅਤੇ 3 ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਰਾਜ ਵਜੋਂ ਹੋਈ ਹੈ, ਜੋ ਫਿਰੋੋਜ਼ਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਪੁਲਿਸ ਅਨੁਸਾਰ ਗਸ਼ਤ ਦੌਰਾਨ ਪਿੰਡ ਰਾਉਵਾਲਾ ਨੇੜੇ ਸ਼ੱਕੀ ਹਾਲਤ ਵਿੱਚ ਉਸਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਹਥਿਆਰ ਬਰਾਮਦ ਹੋਣ ਤੋਂ ਬਾਅਦ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।
ਫਿਲਹਾਲ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ। ਪੁਲਿਸ ਹਥਿਆਰ ਦੇ ਸਰੋਤ ਅਤੇ ਹੋਰ ਸੰਭਾਵਿਤ ਸੰਬੰਧਾਂ ਦੀ ਜਾਂਚ ਕਰ ਰਹੀ ਹੈ।








