Friday, August 14, 2026
Home National ਝਾਰਖੰਡ ਵਿੱਚ ਅਸਮਾਨੀ ਬਿਜਲੀ ਦਾ ਕਹਿਰ, 14 ਲੋਕਾਂ ਦੀ ਮੌਤ

ਝਾਰਖੰਡ ਵਿੱਚ ਅਸਮਾਨੀ ਬਿਜਲੀ ਦਾ ਕਹਿਰ, 14 ਲੋਕਾਂ ਦੀ ਮੌਤ

0
9

ਰਾਂਚੀ: ਝਾਰਖੰਡ ਦੇ ਗਿਰੀਡੀਹ, ਦੁਮਕਾ ਅਤੇ ਲਾਤੇਹਾਰ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖਮੀ ਹੋਏ ਹਨ। ਪੁਲਿਸ ਅਨੁਸਾਰ ਮਰਨ ਵਾਲਿਆਂ ਵਿੱਚ 9 ਗਿਰੀਡੀਹ, 3 ਦੁਮਕਾ ਅਤੇ 2 ਲਾਤੇਹਾਰ ਦੇ ਰਹਿਣ ਵਾਲੇ ਸਨ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਖੋਰਿਮਹੁਆ ਉਪ-ਮੰਡਲ ਪੁਲਿਸ ਅਧਿਕਾਰੀ ਅਮਰਿੰਦਰ ਕੁਮਾਰ ਨੇ ਦੱਸਿਆ ਕਿ ਗਿਰੀਡੀਹ ਜ਼ਿਲ੍ਹੇ ਵਿੱਚ ਡਿਉੜੀ, ਗਵਾਨ ਅਤੇ ਨੌਡੀਹਾ ਥਾਣਾ ਖੇਤਰਾਂ ਵਿੱਚ ਬਿਜਲੀ ਡਿੱਗਣ ਨਾਲ ਸੱਤ ਲੋਕਾਂ ਦੀ ਜਾਨ ਚਲੀ ਗਈ ਅਤੇ ਤਿੰਨ ਹੋਰ ਜ਼ਖਮੀ ਹੋਏ ਹਨ। ਡਿਉੜੀ ਥਾਣਾ ਖੇਤਰ ਵਿੱਚ ਪੰਜ ਲੋਕਾਂ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਖੇਡ ਮੁਕਣ ਤੋਂ ਬਾਅਦ ਇਕੱਠੇ ਬੈਠੇ ਹੋਏ ਸਨ। ਮਰਨ ਵਾਲਿਆਂ ਵਿੱਚ ਚਾਰ ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਦੱਸੀ ਗਈ ਹੈ। ਇਸ ਤੋਂ ਇਲਾਵਾ ਬਗੋਦਰ ਥਾਣਾ ਖੇਤਰ ਵਿੱਚ ਵੀ ਇੱਕ ਵਿਅਕਤੀ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ।

ਇਸ ਦੌਰਾਨ ਸਭ ਤੋਂ ਦਰਦਨਾਕ ਘਟਨਾ ਗਵਾਨ ਥਾਣਾ ਖੇਤਰ ਦੇ ਪਟਨਾ ਚੌਕ ਨੇੜੇ ਵਾਪਰੀ। 35 ਸਾਲਾ ਪੂਨਮ ਦੇਵੀ ਆਪਣੇ ਪਤੀ ਨਾਲ ਖੇਤ ਵਿੱਚ ਝੋਨੇ ਦੀ ਲਵਾਈ ਕਰ ਰਹੀ ਸੀ। ਦੁਪਹਿਰ ਵੇਲੇ ਉਹ ਹੋਰ ਔਰਤਾਂ ਨਾਲ ਬੋਹੜ ਦੇ ਦਰੱਖਤ ਹੇਠਾਂ ਬੈਠ ਕੇ ਖਾਣਾ ਖਾ ਰਹੀ ਸੀ ਕਿ ਅਚਾਨਕ ਬਿਜਲੀ ਡਿੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਉਸ ਦੇ ਤਿੰਨ ਛੋਟੇ ਬੱਚੇ ਮਾਂ ਦੀ ਲਾਸ਼ ਕੋਲ ਬੈਠ ਕੇ ਰੋਂਦੇ ਰਹੇ, ਜਿਸ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ। ਪੂਨਮ ਦੇਵੀ ਦਾ ਪਤੀ ਪਰਿਵਾਰ ਦੀ ਰੋਜ਼ੀ-ਰੋਟੀ ਲਈ ਦਿੱਲੀ ਵਿੱਚ ਮਜ਼ਦੂਰੀ ਕਰਦਾ ਹੈ।

ਦੂਜੇ ਪਾਸੇ, ਦੁਮਕਾ ਜ਼ਿਲ੍ਹੇ ਦੇ ਰਾਮਗੜ੍ਹ ਬਲਾਕ ਵਿੱਚ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਬੱਚੇ ਸਮੇਤ ਚਾਰ ਹੋਰ ਜ਼ਖਮੀ ਹੋਏ ਹਨ। ਲਾਤੇਹਾਰ ਜ਼ਿਲ੍ਹੇ ਵਿੱਚ ਵੀ ਦੋ ਲੋਕਾਂ ਦੀ ਜਾਨ ਚਲੀ ਗਈ ਅਤੇ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਖੁੱਲ੍ਹੇ ਸਥਾਨਾਂ ਅਤੇ ਦਰੱਖਤਾਂ ਹੇਠਾਂ ਖੜ੍ਹੇ ਨਾ ਹੋਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here